ਪੁੱਛਿਆ ਕਿ ਕੀ ਸੁਮੇਧ ਸੈਣੀ ਨੂੰ ਡੀ ਜੀ ਪੀ ਲਾਉਣ, ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇਣ, ਸਿਰਸਾ ਪ੍ਰੇਮੀਆਂ ਦਾ ਬਚਾਅ ਕਰਨ ਤੇ ਡੇਰਾ ਸਿਰਸਾ ਪ੍ਰੇਮੀ ਦੀ ਪਤਨੀ ਨੂੰ 10 ਲੱਖ ਰੁਪਏ ਦੇਣ ਦੀ ਵੀ ਮੰਗੋਗੇ ਮੁਆਫੀ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਇਕ ਖੂੰਜੇ ਵਿਚ ਮੁਆਫੀ ਮੰਗਣ ਦਾ ਢੋਂਗ ਰਚ ਕੇ ਸਭ ਤੋਂ ਵੱਡੀ ਬੇਅਦਬੀ ਕੀਤੀ ਹੈ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਕਰਦਿਆਂ ਕਿਹਾ ਕਿ ਕੀ ਉਹਨਾਂ ਦੀ ਹਦਾਇਤ ’ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਡਰਾਮਾ ਕੀਤਾ ਹੈ। ਜੇਕਰ ਨਹੀਂ ਤਾਂ ਫਿਰ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰ ਕੇ ਸਵਾਲ ਪੁੱਛਣ ਕਿ ਇਹ ਢੋਂਗ ਕਿਉਂ ਰਚਿਆ ਗਿਆ ?
ਉਹਨਾਂ ਇਹ ਵੀ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੱਸੇ ਕਿ 8 ਸਾਲਾਂ ਬਾਅਦ ਸੋਝੀ ਆਈ ਕਿ ਕੌਮ ਕੋਲੋਂ ਮੁਆਫੀ ਮੰਗਣੀ ਹੈ ? ਉਹਨਾਂ ਨਾਲ ਹੀ ਇਹ ਵੀ ਪੁੱਛਿਆਕਿ ਕੀ ਉਹ ਬੁੱਚੜ ਸੁਮੇਧ ਸੈਣੀ ਨੂੰ ਡੀ ਜੀ ਪੀ ਲਗਾਉਣ ਦੀ ਵੀ ਮੁਆਫੀ ਮੰਗਣਗੇ ? ਉਹਨਾਂ ਕਿਹਾ ਕਿ ਜਿਹੜਾ ਤੁਸੀਂ ਡੇਰਾ ਸਿਰਸਾ ਮੁਖੀ ਨੂੰ ਮੁਆਫੀ ਦੇ ਕੇ ਸ਼੍ਰੋਮਣੀ ਕਮੇਟੀ ਦਾ 90 ਲੱਖ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕਰਵਾਇਆ, ਕੀ ਉਸਦੀ ਮੁਆਫੀ ਮੰਗੀ ਹੈ ?
ਉਹਨਾਂ ਕਿਹਾ ਕਿ ਜਦੋਂ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਤੇ ਬਰਗਾੜੀ ਵਿਚ ਬੇਅਦਬੀ ਹੋਈ ਤਾਂ ਰੈਕੀ ਕਰਨ ਵਾਲੇ ਡੇਰਾ ਸਿਰਸਾ ਪ੍ਰੇਮੀ ਗੁਰਮੀਤ ਸਿੰਘ ਨੂੰ ਸਿੱਖ ਸੰਗਤਾਂ ਨੇ ਸੋਧ ਲਾਇਆ ਸੀ। ਉਹਨਾਂ ਕਿਹਾ ਕਿ ਤੁਸੀਂ ਗੁਰਮੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਨੂੰ 10 ਲੱਖ ਰੁਪਏ ਵੀ ਦਿੱਤੇ ਤੇ ਪੰਜਾਬ ਪੁਲਿਸ ਵਿਚ ਨੌਕਰੀ ਵੀ ਲਗਾਈ।
ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਕੌਮ ਤੇ ਪੰਥ ਦਰਦੀਆਂ ਨੇ ਬੇਅਦਬੀ ਮਾਮਲੇ ’ਤੇ 7 ਮੈਂਬਰੀ ਕਮੇਟੀ ਬਣਾਈ। ਇਸ ਕਮੇਟੀ ਨੇ ਤੁਹਾਨੂੰ 7 ਨਾਮ ਦਿੱਤੇ ਜੋ ਡੇਰਾ ਪ੍ਰੇਮੀ ਸਨ ਤੇ ਬੇਅਦਬੀ ਦੇ ਦੋਸ਼ੀ ਸਨ ਪਰ ਪੰਜਾਬ ਪੁਲਿਸ ਨੇ ਕਿਸੇ ਇਕ ’ਤੇ ਵੀ ਕਾਰਵਾਈ ਨਹੀਂ ਕੀਤੀ ਤੇ ਬਿਲਕੁਲ ਇਹ ਨਹੀਂ ਪੁੱਛਿਆ ਕਿ ਇਹ ਬੇਅਦਬੀ ਕਿਵੇ਼ ਹੋਈ।
ਉਹਨਾਂ ਕਿਹਾ ਕਿ ਤੁਸੀਂ ਡੇਰਾ ਪ੍ਰੇਮੀਆਂ ਦੀ ਹਮਾਇਤ ਕਰਦੇ ਰਹੇ, ਡੇਰਿਆਂ ਵਿਚ ਜਾ ਕੇ ਨਤਮਸਤਕ ਹੁੰਦੇ ਰਹੇ ਹੋ। ਉਹਨਾਂ ਕਿਹਾ ਕਿ ਜਿਸ ਵਕਤ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਤਨਖਾਹ ਲੱਗੀ ਸੀ ਇਸੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਉਹਨਾਂ ਨੂੰ ਰੱਸੀਆਂ ਨਾਲ ਬੰਨਿਆ ਗਿਆ। ਜਦੋਂ ਬੂਟਾ ਸਿੰਘ ਨੂੰ ਤਨਖਾਹ ਲੱਗੀ ਤਾਂ ਉਹਨਾਂ ਦੇ ਗਲੇ ਵਿਚ ਤਖਤੀ ਪਾ ਕੇ ਦੋ ਮਹੀਨੇ ਰੱਖੀ ਗਈ ਕਿ ਮੈਂ ਪੰਥ ਦਾ ਗੱਦਾਰ ਹਾਂ।
ਉਹਨਾਂ ਕਿਹਾ ਕਿ ਤੁਸੀਂ ਅੱਜ ਨਵੀਂ ਰਵਾਇਤ ਪਾਈ ਹੈ ਕਿ ਇਕ ਖੂੰਜੇ ਵਿਚ ਜਾ ਕੇ ਆਪ ਖੜ੍ਹੇ ਹੋ ਕੇ ਆਪ ਹੀ ਗੱਲ ਵਿਚ ਪੱਲਾ ਪਾ ਲਓ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਤੁਸੀਂ ਢੋਂਗ ਕੀਤਾ ਹੈ ਤੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਹੋਈ ਹੈ ਜਿਸਦੀ ਦਿੱਲੀ ਗੁਰਦੁਆਰਾ ਕਮੇਟੀ ਸਖ਼ਤ ਨਿਖੇਧੀ ਕਰਦੀ ਹੈ।
ਇਕ ਸਵਾਲ ਦੇ ਜਵਾਬ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਜਦੋਂ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਤਾਂ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਰੋਸ ਧਰਨਾ ਦੇਣ ਦੀ ਗੱਲ ਕੀਤੀ ਜਿਸਦਾ ਡਾ. ਬਰਜਿੰਦਰ ਸਿੰਘ ਹਮਦਰਦ, ਬੀਬੀ ਕਮਲਜੀਤ ਕੌਰ ਰਾਜੋਆਣਾ ਤੇ ਉਹਨਾਂ ਖੁਦ ਵਿਰੋਧ ਕੀਤਾ ਸੀ। ਉਹਨਾਂ ਕਿਹਾ ਕਿ ਅਸੀਂ ਸਿੰਘ ਸਾਹਿਬ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹ ਰੋਸ ਮਾਰਚ ਰੱਦ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦਾ ਮੁੱਖ ਏਜੰਡਾ ਹੈ ਕਿ ਅਕਾਲੀ ਦਲ ਬਚਾਉਣਾ ਹੈ ਨਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਕਦੇ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋਵੇਗੀ।