ਸ੍ਰੀ ਮੁਕਤਸਰ ਸਾਹਿਬ, 19 ਦਸੰਬਰ (ਵਿਪਨ ਕੁਮਾਰ ਮਿੱਤਲ) : ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਇਕ ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਦੇ ਸਵਾਗਤ ਲਈ ‘‘ਕੰਨਿਆ ਸਨਮਾਨ ਸਮਾਰੋਹ’’ ਆਉਂਦੀ 24 ਦਸੰਬਰ ਐਤਵਾਰ ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਸਬੰਧੀ ਸਮਾਰੋਹ ਸਥਾਨਕ ਰੇਲਵੇ ਰੋਡ ਸਥਿਤ ਪਵਨ ਹੋਟਲ ਐਂਡ ਸਵੀਟ ਸ਼ਾਪ ਵਿਖੇ ਸਵੇਰੇ 11:00 ਵਜੇ ਹੋਵੇਗਾ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਸਰਪ੍ਰਸਤੀ ਅਤੇ ਦੇਖ ਰੇਖ ਹੇਠ ਹੋਣ ਵਾਲੇ ਇਸ ਸਮਾਰੋਹ ਦੀ ਪ੍ਰਧਾਨਗੀ ਫਿਲਮ ਸਿਟੀ ਵਿਖੇ ਹੋਈ ਆਲ ਇੰਡੀਆ ਲੈਵਲ ਦੀ ਪ੍ਰਤੀਯੋਗਤਾ ਵਿਚ ਬੈਸਟ ਸਮਾਇਲੀ ਦਾ ਖਿਤਾਬ ਜਿੱਤਣ ਵਾਲੀ ਮਿਸ ਨਾਮਿਆ ਵੱਲੋਂ ਕੀਤੀ ਜਾਵੇਗੀ। ਸਾਮਰੋਹ ਦੌਰਾਨ ਮਿਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਸ਼ਾਮਲ ਹੋਣਗੇ। ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਿਜ ਪਟਿਆਲਾ ਵਿਖੇ ਤਾਇਨਾਤ ਬੱਚਿਆਂ ਦੇ ਰੋਗਾਂ ਦੀ ਮਾਹਿਰ ਡਾ. ਅਵਨੀਤ ਕੌਰ ਐਮ.ਡੀ. (ਪੀਡੀਆਰਟਿਕਸ) ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਵਿਕਾਸ ਮਿਸ਼ਨ ਦੇ ਪ੍ਰਧਾਨ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਕੰਨਿਆ ਸਨਮਾਨ ਸਮਾਰੋਹ ਦੌਰਾਨ ਇਕ ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨੂੰ ਮਿਸ਼ਨ ਦੁਆਰਾ ਮੁੱਖ ਮਹਿਮਾਨ ਵੱਲੋਂ ਕੱਪੜੇ ਅਤੇ ਤੋਹਫ਼ੇ ਭੇਂਟ ਕੀਤੇ ਜਾਣਗੇ। ਢੋਸੀਵਾਲ ਨੇ ਅੱਗੇ ਕਿਹਾ ਹੈ ਕਿ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਕਥਨ ‘‘ਸੋ ਕਿਉਂ ਮੰਦਾ ਆਖੀਏ, ਜਿਤੁ ਜੰਮੇ ਰਾਜਾਨ’’ ਦੇ ਮਹਾਂ ਵਾਕ ’ਤੇ ਅਮਲ ਕਰਦੇ ਹੋਏ ਉਹਨਾਂ ਦੀ ਸੰਸਥਾ ਵੱਲੋਂ ਕਰੀਬ 30 ਸਾਲਾਂ ਤੋਂ ਕੰਨਿਆਵਾਂ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਹਰ ਸਾਲ ਤੋਂ ਚੱਲਦਾ ਆ ਰਿਹਾ ਹੈ। ਇਹ ਸਿਲਸਿਲਾ ਭਵਿੱਖ ਵਿਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਪ੍ਰਧਾਨ ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਕੰਨਿਆ ਸਨਮਾਨ ਸਮਾਰੋਹ ਲਈ ਛੋਟੀਆਂ ਬੱਚੀਆਂ ਦੀ ਰਜਿਸਟ੍ਰੇਸ਼ਨ ਕਰਨ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਹੁਣ ਕਿਸੇ ਵੀ ਬੱਚੀ ਦਾ ਨਾਮ ਨਹੀਂ ਲਿਖਿਆ ਜਾਵੇਗਾ। ਢੋਸੀਵਾਲ ਨੇ ਮਿਸ਼ਨ ਦੇ ਸਮੂਹ ਮੈਂਬਰਾਂ ਨੂੰ 24 ਦਸੰਬਰ ਐਤਵਾਰ ਨੂੰ ਸਵੇਰੇ 10:30 ਵਜੇ ਪਵਨ ਹੋਟਲ ਪਹੁੰਚਣ ਦੀ ਅਪੀਲ ਕੀਤੀ ਹੈ।