ਅੰਮ੍ਰਿਤਸਰ ‘ਚ ਸੋਮਵਾਰ ਨੂੰ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਅੰਮ੍ਰਿਤਸਰ ਵਿਚ ਵਿਜ਼ੀਬਿਲਟੀ 25 ਮੀਟਰ ਮਾਪੀ ਗਈ। ਮੌਸਮ ਵਿਭਾਗ ਨੇ ਪੰਜਾਬ ਵਿਚ ਸੰਘਣੀ ਧੁੰਦ ਦੀ ਚਿਤਾਵਨੀ ਦਿਤੀ ਹੈ। ਮੌਸਮ ਵਿਭਾਗ ਮੁਤਾਬਿਕ ਦੁਪਹਿਰ ਤੱਕ ਧੁੰਦ ਸਾਫ ਹੋ ਜਾਣ ਤੋਂ ਬਾਅਦ ਸ਼ਾਮ ਨੂੰ ਮੁੜ ਧੁੰਦ ਹੋਵੇਗੀ। ਇਸ ਨਾਲ ਵਾਹਨ ਦੀ ਆਵਾਜਾਈ ਵਿੱਚ ਵਿਘਨ ਪੈ ਸਕਦਾ ਹੈ।
ਇਸ ਦੇ ਨਾਲ ਹੀ 25 ਦਸੰਬਰ ਨੂੰ ਅੰਮ੍ਰਿਤਸਰ ਦਾ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਠੰਢਾ ਰਿਹਾ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 7 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 1 ਡਿਗਰੀ ਰਿਹਾ, ਜੋ ਆਮ ਨਾਲੋਂ 3.6 ਡਿਗਰੀ ਘੱਟ ਸੀ।
ਸੰਘਣੀ ਧੁੰਦ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ ਦੋਹਾ ਜਾਣ ਵਾਲੀ ਕਤਰ ਏਅਰਵੇਜ਼ ਦੀ ਫਲਾਈਟ ਵੀ ਲੇਟ ਹੋ ਗਈ ਹੈ। ਇਹ ਫਲਾਈਟ ਸਵੇਰੇ 4.10 ਵਜੇ ਉਡਾਣ ਭਰਦੀ ਹੈ ਪਰ ਅੱਜ ਇਸ ਨੇ ਲੇਟ ਉਡਾਣ ਭਰੀ। ਸ੍ਰੀ ਦਰਬਾਰ ਸਾਹਿਬ ਵਿਖੇ ਵੀ ਸੰਗਤਾਂ ਨੇ ਸੰਘਣੀ ਧੁੰਦ ਦਰਮਿਆਨ ਮੱਥਾ ਟੇਕਿਆ। ਧੁੰਦ ਇੰਨੀ ਸੰਘਣੀ ਸੀ ਕਿ ਪਰਿਕਰਮਾ ਤੋਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਦੇ ਸਨ।