ਅਦਾਕਾਰ ਰਣਬੀਰ ਕਪੂਰ ਅਤੇ ਅਭਿਨੇਤਰੀ ਆਲੀਆ ਭੱਟ ਨੇ ਕ੍ਰਿਸਮਸ ਦੇ ਮੌਕੇ ‘ਤੇ ਅਪਣੇ ਪ੍ਰਸ਼ੰਸਕਾਂ ਨੂੰ ਖਾਸ ਸਰਪ੍ਰਾਈਜ਼ ਦਿਤਾ ਹੈ। ਇਸ ਖਾਸ ਮੌਕੇ ‘ਤੇ ਉਨ੍ਹਾਂ ਨੇ ਪਹਿਲੀ ਵਾਰ ਧੀ ਰਾਹਾ ਕਪੂਰ ਦਾ ਚਿਹਰਾ ਜਨਤਕ ਤੌਰ ‘ਤੇ ਦਿਖਾਇਆ ਹੈ।
ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਉਜ਼ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਚਿੱਟੇ ਰੰਗ ਦੀ ਡਰੈੱਸ ਵਿਚ ਉਹ ਬਹੁਤ ਖ਼ੂਬਸੂਰਤ ਨਜ਼ਰ ਆ ਰਹੀ ਹੈ। ਕ੍ਰਿਸਮਸ ਦੇ ਮੌਕੇ ‘ਤੇ ਪ੍ਰਸ਼ੰਸਕਾਂ ਲਈ ਇਹ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਰਾਹਾ ਦੀ ਇਹ ਤਸਵੀਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਰਾਹਾ ਦੇ ਜਨਮ ਤੋਂ ਹੀ ਪ੍ਰਸ਼ੰਸਕ ਉਸ ਨੂੰ ਦੇਖਣ ਲਈ ਉਤਸ਼ਾਹਿਤ ਸਨ।
ਦਰਅਸਲ, ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਕ੍ਰਿਸਮਿਸ ਦੇ ਮੌਕੇ ‘ਤੇ ਪਾਰਟੀ ਦਾ ਆਯੋਜਨ ਕੀਤਾ ਹੈ। ਇਸ ਦੌਰਾਨ ਹੀ ਉਨ੍ਹਾਂ ਨੇ ਅਪਣੀ ਧੀ ਰਾਹਾ ਦਾ ਚਿਹਰਾ ਦਿਖਾਇਆ ਹੈ। ਦੋਵਾਂ ਨੇ ਕੈਮਰੇ ਦੇ ਸਾਹਮਣੇ ਅਪਣੀ ਧੀ ਨਾਲ ਇਕੱਠੇ ਪੋਜ਼ ਦਿਤੇ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਵੀਡੀਉਜ਼ ਅਤੇ ਤਸਵੀਰਾਂ ‘ਚ ਅਸੀਂ ਦੇਖ ਸਕਦੇ ਹਾਂ ਕਿ ਆਲੀਆ ਫੁੱਲਦਾਰ ਸ਼ਾਰਟ ਡਰੈੱਸ ‘ਚ ਨਜ਼ਰ ਆ ਰਹੀ ਹੈ। ਰਣਬੀਰ ਕਪੂਰ ਨੂੰ ਬਲੈਕ ਜੀਨਜ਼ ਅਤੇ ਡੈਨਿਮ ਦੀ ਜੈਕੇਟ ਵਿਚ ਦੇਖਿਆ ਜਾ ਸਕਦਾ ਹੈ।
ਆਲੀਆ ਨੇ ਪਿਛਲੇ ਸਾਲ ਯਾਨੀ 6 ਨਵੰਬਰ 2022 ਨੂੰ ਬੇਟੀ ਨੂੰ ਜਨਮ ਦਿਤਾ ਸੀ। ਜੋੜੇ ਨੇ 14 ਅਪ੍ਰੈਲ, 2022 ਨੂੰ ਵਿਆਹ ਕਰਵਾ ਲਿਆ। ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਾ ਨੂੰ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਐਨੀਮਲ’ ‘ਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਆਲੀਆ ਆਖਰੀ ਵਾਰ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਨਜ਼ਰ ਆਈ ਸੀ। ਹੁਣ ਦੋਵੇਂ ਸਿਤਾਰੇ ‘ਬ੍ਰਹਮਾਸਤਰ 2’ ਨੂੰ ਲੈ ਕੇ ਚਰਚਾ ‘ਚ ਹਨ।