ਜਲੰਧਰ (ਵਿੱਕੀ ਸੂਰੀ) : ਜਲੰਧਰ ਵਿਚ ਤੜਕਸਾਰ ਵੱਡੀ ਵਾਰਦਾਤ ਹੋਣ ਦੀ ਖ਼ਬਰ ਮਿਲੀ ਹੈ। ਸੋਮਵਾਰ ਤੜਕੇ ਗਦਾਈਪੁਰ ਇਲਾਕੇ ‘ਚ ਸਥਿਤ ਅਮਿਤ ਜਿਊਲਰਜ਼ ਨਾਂ ਦੇ ਸ਼ੋਅਰੂਮ ‘ਚ ਚੋਰਾਂ ਨੇ ਦਾਖ਼ਲ ਹੋ ਕੇ 40 ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਸਲੇਮਪੁਰ ਮਸੰਦਾ ‘ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ 8 ਤੋਂ 10 ਦੀ ਗਿਣਤੀ ‘ਚ ਸਨ।

    ਸ਼ੋਅਰੂਮ ਦੇ ਮਾਲਕ ਅਮਿਤ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਸਵੇਰੇ 4 ਵਜੇ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਸ਼ੋਅਰੂਮ ਦੇ ਸ਼ਟਰ ਖੁੱਲ੍ਹੇ ਹਨ। ਜਦੋਂ ਉਹ ਤੁਰੰਤ ਆਪਣੇ ਭਰਾ ਸਮੇਤ ਮੌਕੇ ‘ਤੇ ਪਹੁੰਚੇ ਤਾਂ ਵੇਖਿਆ ਕਿ ਚੋਰਾਂ ਨੇ ਸ਼ੋਅਰੂਮ ਦਾ ਅਗਲਾ ਸ਼ੀਸ਼ਾ ਵੀ ਤੋੜਿਆ ਹੋਇਆ ਸੀ। ਅੰਦਰੋਂ ਸੇਫ ਵੀ ਗਾਇਬ ਸਨ। ਸੂਚਨਾ ਮਿਲਦੇ ਹੀ ਥਾਣਾ 8, ਚੌਂਕੀ ਫੋਕਲ ਪੁਆਇੰਟ, ਡਾਗ ਸਕੁਐਡ ਟੀਮ ਅਤੇ ਹੋਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ।

    ਜਾਂਚ ਕਰਦੇ ਹੋਏ ਡਾਗ ਸਕੁਐਡ ਦੀ ਟੀਮ ਸ਼ੋਅਰੂਮ ਦੇ ਪਿੱਛੇ ਸੁੱਖੀ ਨਹਿਰ ‘ਤੇ ਪਹੁੰਚੀ, ਜਿੱਥੇ ਖਾਲੀ ਤਿਜੋਰੀਆਂ ਪਈਆਂ ਸਨ। ਅਮਿਤ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਕਰੀਬ 40 ਕਿਲੋ ਚਾਂਦੀ ਅਤੇ 400 ਗ੍ਰਾਮ ਸੋਨੇ ਸਮੇਤ 12 ਹਜ਼ਾਰ ਰੁਪਏ ਵੀ ਗਾਇਬ ਸਨ। 8 ਤੋਂ 10 ਚੋਰ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਸੀ.ਸੀ.ਟੀ.ਵੀ ਦੇ ਆਧਾਰ ‘ਤੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।