ਕੈਨੇਡਾ ‘ਚ ਕੋਕੀਨ ਦੀ ਤਸਕਰੀ ਦੇ ਇਲਜ਼ਾਮ ਤਹਿਤ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਅਕਤੀ ‘ਤੇ 4.86 ਮਿਲੀਅਨ ਡਾਲਰ (40 ਕਰੋੜ) ਦੀ ਕੋਕੀਨ ਦੀ ਤਸਕਰੀ ਕਰਨ ਦਾ ਇਲਜ਼ਾਮ ਸੀ। ਮੀਡੀਆ ਰੀਪੋਰਟਾਂ ਅਨੁਸਾਰ, ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਕੋਕੀਨ ਤਸਕਰੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਭਾਰਤੀ ਦਾ ਨਾਮ ਸੁਖਵਿੰਦਰ ਧੰਜੂ ਹੈ। ਉਸ ਦੀ ਉਮਰ 35 ਸਾਲ ਹੈ। ਉਹ ਬਰੈਂਪਟਨ, ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ), ਕੈਨੇਡਾ ਵਿਚ ਰਹਿੰਦਾ ਹੈ। ਉਸ ਦੀ ਪਛਾਣ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐਮਪੀ) ਦੁਆਰਾ ਕੀਤੀ ਗਈ ਹੈ।

    ਕੈਨੇਡੀਅਨ ਲਾਅ ਇਨਫੋਰਸਮੈਂਟ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੁਖਵਿੰਦਰ ਧੰਜੂ ਪੇਸ਼ੇ ਤੋਂ ਇਕ ਟਰੱਕ ਡਰਾਈਵਰ ਹੈ। ਉਹ ਨਿਆਗਰਾ-ਆਨ-ਦ-ਲੇਕ, ਓਨਟਾਰੀਓ ਵਿਚ ਕੁਈਨਸਟਨ-ਲੇਵਿਸਟਨ ਬ੍ਰਿਜ ਬੰਦਰਗਾਹ ‘ਤੇ ਪਹੁੰਚਿਆ, ਜਿਥੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੂੰ ਉਸ ਦੇ ਟਰੱਕ ਦੀ ਜਾਂਚ ਦੌਰਾਨ 202 ਇੱਟਾਂ ਦੇ ਆਕਾਰ ਦੇ ਨਸ਼ੀਲੇ ਪਦਾਰਥ ਮਿਲੇ। ਟਰੱਕ ਅੰਦਰੋਂ ਮਿਲੀਆਂ ਇੱਟਾਂ ਦਾ ਕੁੱਲ ਵਜ਼ਨ 233 ਕਿਲੋ ਸੀ। ਇਸ ਤੋਂ ਬਾਅਦ ਜਾਂਚ ਕਰਨ ‘ਤੇ ਪਤਾ ਲੱਗਿਆ ਕਿ ਇੱਟਾਂ ਕੋਕੀਨ ਨਾਲ ਭਰੀਆਂ ਹੋਈਆਂ ਸਨ।

    ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਕੋਕੀਨ ਮਿਲਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿਚ ਉਸ ਨੂੰ ਕੋਕੀਨ ਦੇ ਨਾਲ ਆਰਸੀਐਮਪੀ ਬਾਰਡਰ ਇੰਟੈਗਰਿਟੀ ਯੂਨਿਟ ਵਿਚ ਤਬਦੀਲ ਕਰ ਦਿਤਾ ਗਿਆ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕਈ ਦਿਨਾਂ ਤੋਂ ਕੰਮ ਚੱਲ ਰਿਹਾ ਸੀ, ਜਿਸ ਤੋਂ ਬਾਅਦ ਜਾਂਚ ਦੇ ਆਧਾਰ ‘ਤੇ 19 ਦਸੰਬਰ ਨੂੰ ਧੰਜੂ ‘ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦਾ ਦੋਸ਼ ਲੱਗਿਆ ਸੀ। ਕੋਕੀਨ ਤਸਕਰੀ ਦੇ ਦੋਸ਼ਾਂ ‘ਤੇ ਅਦਾਲਤ ਦੀ ਸੁਣਵਾਈ ਅਗਲੇ ਮਹੀਨੇ 2 ਫਰਵਰੀ ਨੂੰ ਹੋਣੀ ਹੈ।