ਸ੍ਰੀ ਮੁਕਤਸਰ ਸਾਹਿਬ, 15 ਜਨਵਰੀ (ਵਿਪਨ ਕੁਮਾਰ ਮਿਤੱਲ) ਸਰਕਾਰੀ ਨਿਯਮਾਂ ਅਨੁਸਾਰ ਨਗਰ ਕੌਂਸਲ ਦੀ ਹਦੂਦ ਅੰਦਰ ਬਣੇ ਸਾਰੇ ਪਾਰਕ ਅਤੇ ਚੌਂਕਾਂ ਦੀ ਦੇਖ ਰੇਖ ਅਤੇ ਸੇਵਾ ਸੰਭਾਲ ਦੀ ਸਾਰੀ ਜਿੰਮੇਵਾਰੀ ਸਬੰਧਤ ਨਗਰ ਕੌਂਸਲ ਦੀ ਹੁੰਦੀ ਹੈ। ਇਹਨਾਂ ਪਾਰਕਾਂ ਅਤੇ ਚੌਂਕਾਂ ਦੀ ਸਾਂਭ ਸੰਭਾਲ ਲਈ ਬਕਾਇਦਾ ਤੌਰ ’ਤੇ ਸਫਾਈ ਸੇਵਕ, ਮਾਲੀ ਅਤੇ ਚੌਂਕੀਦਾਰ ਆਦਿ ਦਾ ਸਥਾਈ ਪ੍ਰਬੰਧ ਕਰਨਾ ਹੁੰਦਾ ਹੈ। ਪਰੰਤੂ ਸਥਾਨਕ ਨਗਰ ਕੌਂਸਲ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ ਅਤੇ ਜਿਲ੍ਹਾ ਪ੍ਰਸ਼ਾਸਨ ਇਸ ਪਾਸੇ ਤੋਂ ਅੱਖਾਂ ਮੀਟੀ ਬੈਠਾ ਹੈ। ਨਗਰ ਕੌਂਸਲ ਦੀ ਹਦੂਦ ਅੰਦਰ ਬਣੇ ਕਰੀਬ ਸਾਰੇ ਹੀ ਪਾਰਕ ਅਤੇ ਮੁਕਤੇ ਮੀਨਾਰ ਪਿਛਲੇ ਲੰਮੇ ਸਮੇਂ ਤੋਂ ਦੁਰਦਸ਼ਾ ਦਾ ਸ਼ਿਕਾਰ ਹਨ। ਇਸ ਸਬੰਧੀ ਕਈ ਵਾਰ ਆਵਾਜ਼ ਉਠਾਈ ਗਈ, ਪ੍ਰੈਸ ਦੇ ਮਾਧਿਅਮ ਤੋਂ ਵੀ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਧਿਆਨ ਵਿਚ ਲਿਆਂਦੇ ਗਏ, ਪਰੰਤੂ ਕੋਈ ਅਸਰ ਨਾ ਹੋਇਆ। ਸਥਾਨਕ ਮਲੋਟ ਰੋਡ ਸਥਿਤ ਮੇਨ ਬੱਸ ਸਟੈਂਡ ਦੇ ਸਾਹਮਣੇ ਕਈ ਦਹਾਕੇ ਪਹਿਲਾਂ ਸਥਾਪਤ ਕੀਤੇ ਗਏ ਡਾ. ਅੰਬੇਡਕਰ ਚੌਂਕ ਦਾ ਨਾ ਤਾਂ ਕਿਧਰੇ ਨਾਮੋ ਨਿਸ਼ਾਨ ਹੀ ਦਿਸਦਾ ਹੈ ਅਤੇ ਨਾ ਹੀ ਕੋਈ ਡਿਸਪਲੇ ਬੋਰਡ ਲੱਗਾ ਹੋਇਆ ਹੈ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਜਗਦੀਸ਼ ਰਾਏ ਢੋਸੀਵਾਲ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਇਸ ਘੋਰ ਲਾਪ੍ਰਵਾਹੀ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਅਜਿਹੀ ਲਾਪ੍ਰਵਾਹੀ ਕਿਤੇ ਕਿਸੇ ਸੋਚੀ ਸਮਝੀ ਸਾਜਿਸ਼ ਦਾ ਨਤੀਜਾ ਤਾਂ ਨਹੀਂ, ਇਹ ਵੀ ਪੜਤਾਲ ਦਾ ਵਿਸ਼ਾ ਹੈ। ਪ੍ਰਧਾਨ ਢੋਸੀਵਾਲ ਨੇ ਅੱਗੇ ਕਿਹਾ ਹੈ ਕਿ ਉਕਤ ਡਾ. ਅੰਬੇਡਕਰ ਚੌਂਕ ਦਾ ਪੁਨਰ ਨਿਰਮਾਣ ਨਾ ਹੋਣ ਨਾਲ ਡਾ. ਅੰਬੇਡਕਰ ਦੇ ਪੈਰੋਕਾਰਾਂ ਦੇ ਮਨਾਂ ਵਿਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਪ੍ਰਧਾਨ ਢੋਸੀਵਾਲ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਨੇ ਆਪਣੀ ਸੰਸਥਾ ਵੱਲੋਂ ਉਕਤ ਡਾ. ਅੰਬੇਡਕਰ ਚੌਂਕ ਦਾ ਤੁਰੰਤ ਪੁਨਰ ਨਿਰਮਾਣ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਪੱਤਰ ਦੀ ਨਕਲ ਸੂਚਨਾ ਅਤੇ ਲੋੜੀਂਦੀ ਕਾਰਵਾਈ ਹਿੱਤ ਰਾਜ ਦੇ ਮੁੱਖ ਮੰਤਰੀ, ਚੀਫ਼ ਸੈਕਟਰੀ ਅਤੇ ਸਥਾਨਕ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨੂੰ ਵੀ ਭੇਜੀ ਗਈ ਹੈ। ਢੋਸੀਵਾਲ ਨੇ ਕਿਹਾ ਹੈ ਕਿ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਹੁਣ ਪ੍ਰਸ਼ਾਸਨ ਵੱਲੋਂ ਉਕਤ ਅੰਬੇਡਕਰ ਚੌਂਕ ਦੀ ਮੁੜ ਸਥਾਪਨਾ ਹੁੰਦੀ ਹੈ ਜਾਂ ਪਿਛਲੇ ਅਨੇਕਾਂ ਬੇਨਤੀ ਪੱਤਰਾਂ ਵਾਂਗੂੰ ਇਹ ਪੱਤਰ ਵੀ ਅਣਦੇਖੀ ਦਾ ਸ਼ਿਕਾਰ ਹੁੰਦਾ ਹੈ?