ਪੰਜਾਬ ਵਿਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਦੋਂ ਤੋਂ ਭ੍ਰਿਸ਼ਟਾਚਾਰ ‘ਤੇ ਨਕੇਲ ਕੱਸੀ ਜਾ ਰਹੀ ਹੈ। ਹਰ ਰੋਜ਼ ਭ੍ਰਿਸ਼ਟਾਚਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇਕ ਘਪਲੇ ਦੇ ਸ਼ੱਕ ਹੇਠ ਜਲ ਸਰੋਤ ਵਿਭਾਗ ਦੇ ਐਕਸੀਅਨ ਸਣੇ ਤਿੰਨ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਹੈ।

    ਅੱਜ ਜਾਰੀ ਹੋਏ ਹੁਕਮਾਂ ਅਨੁਸਾਰ ਜਲ ਸਰੋਤ ਮੰਤਰੀ ਨੇ ਕੈਨਾਲ ਡਿਵੀਜ਼ਨ ਦੇ ਕਾਰਜਕਾਰੀ ਇੰਜਨੀਅਰ ਗਗਨਦੀਪ ਗਿੱਲ, ਐੱਸਡੀਈ ਚੇਤਨ ਗੁਪਤਾ ਅਤੇ ਜੇ.ਈ. ਮਨੋਜ ਪ੍ਰਭਾਕਰ ਨੂੰ ਤੁਰੰਤ ਨੌਕਰੀ ਤੋਂ ਮੁਅੱਤਲ ਕਰ ਦਿਤਾ ਹੈ। ਮੰਤਰੀ ਜੌੜਾਮਾਜਰਾ ਨੇ ਇਸ ਦੇ ਨਾਲ ਹੀ ਠੇਕੇਦਾਰ ਦੇ ਜਲ ਸਰੋਤ ਵਿਭਾਗ ਵਿੱਚ ਚੱਲ ਰਹੇ ਹੋਰ ਕੰਮਾਂ ’ਤੇ ਆਰਜ਼ੀ ਰੋਕ ਲਗਾ ਦਿਤੀ ਹੈ।

    ਮੁਅੱਤਲੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਸਮਾਣਾ ਦੇ ਕਰਾਹਲੀ ਰੈਸਟ ਹਾਊਸ ਵਿੱਚੋਂ ਮਿੱਟੀ ਪੁੱਟ ਕੇ ਧਰਮਗੜ੍ਹ ਰਜਵਾਹਾ ਵਿੱਚ ਪਾਈ ਜਾ ਰਹੀ ਸੀ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਵਿਭਾਗੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਰਜਵਾਹੇ ’ਤੇ ਨਾਂਮਾਤਰ ਹੀ ਮਿੱਟੀ ਪਾਈ ਜਾ ਰਹੀ ਹੈ। ਇਹ ਮਿੱਟੀ ਠੇਕੇਦਾਰ ਵੱਲੋਂ ਕਿਧਰੇ ਹੋਰ ਭੇਜੀ ਜਾ ਰਹੀ ਹੈ। ਮੰਤਰੀ ਨੇ ਇਸ ਬਾਰੇ ਟੌਲ ਪਲਾਜ਼ਾ ਤੋਂ ਗੱਡੀਆਂ ਦੀ ਮੂਵਮੈਂਟ ਵੀ ਚੈੱਕ ਕਰਵਾਈ ਹੈ ਜਿਸ ਤੋਂ ਜਾਪਦਾ ਹੈ ਕਿ ਅਧਿਕਾਰੀਆਂ ਵੱਲੋਂ ਠੇੇਕੇਦਾਰ ਨਾਲ ਮਿਲੀਭੁਗਤ ਕਰ ਕੇ ਘਪਲਾ ਕੀਤਾ ਜਾ ਰਿਹਾ।