ਜਲੰਧਰ (ਵਿੱਕੀ ਸੂਰੀ) : ਪੰਜਾਬ ਵਿੱਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਪੁਲਿਸ ਦਾ ਕੋਈ ਵੀ ਖ਼ੌਫ ਨਹੀਂ ਰਿਹਾ ਹੈ। ਤਾਜ਼ਾ ਮਾਮਲਾ ਜਲੰਧਰ ਤੋਂ ਆਇਆ ਹੈ ਜਿੱਥੋਂ ਇੱਕ ਡੀਐਸਪੀ ਦੀ ਪਤਨੀ ਦਾ ਪਰਸ ਉਸ ਦੀ ਧੀ ਦੇ ਵਿਆਹ ਵਿੱਚੋਂ ਹੀ ਚੋਰੀ ਹੋ ਗਿਆ ਜਿਸ ਵਿੱਚ ਡੇਢ ਲੱਖ ਰੁਪਏ, ਮੋਬਾਇਲ ਤੇ ਹੋਰ ਜ਼ਰੂਰੀ ਕਾਗ਼ਜ਼ਾਤ ਸਨ।

    ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-7 ਦੀ ਪੁਲੀਸ ਨੇ ਦੋ ਅਣਪਛਾਤੀਆਂ ਲੜਕੀਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਪੁਲਿਸ ਇਲਾਕੇ ਦੇ ਸੀਸੀਟੀਵੀ ਰਾਹੀਂ ਦੋਵਾਂ ਲੜਕੀਆਂ ਦਾ ਰੂਟ ਟਰੇਸ ਕਰਨ ਵਿੱਚ ਲੱਗੀ ਹੋਈ ਹੈ। ਦੱਸ ਦੇਈਏ ਕਿ ਡੀਐਸਪੀ ਦੀ ਬੇਟੀ ਦਾ ਵਿਆਹ ਵ੍ਹਾਈਟ ਡਾਇਮੰਡ ਰਿਜ਼ੋਰਟ ਵਿੱਚ ਸੀ।

    ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ‘ਚ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ- ਬੀਤੇ ਦਿਨ ਜਲੰਧਰ ਅਰਬਨ ਅਸਟੇਟ ਫੇਜ਼-1 ਸਥਿਤ ਵਾਈਟ ਡਾਇਮੰਡ ਰਿਜ਼ੋਰਟ ‘ਚ ਉਨ੍ਹਾਂ ਦੀ ਲੜਕੀ ਦਾ ਵਿਆਹ ਸੀ। ਇਸ ਮੌਕੇ ਉਹ ਗੁਰੂਘਰ ਵਿੱਚ ਗਏ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਰਦਾਸ ਹੋਣ ਤੋਂ ਬਾਅਦ ਉਥੋਂ ਜਾਣ ਲੱਗੀ ਤਾਂ ਉਸ ਨੇ ਦੇਖਿਆ ਕਿ ਪਰਸ ਆਪਣੀ ਥਾਂ ਤੋਂ ਗਾਇਬ ਸੀ।

    ਪਰਸ ਦੀ ਪੂਰੇ ਧਾਰਮਿਕ ਸਥਾਨ ‘ਤੇ ਤਲਾਸ਼ੀ ਲਈ ਗਈ, ਪਰ ਕੁਝ ਨਹੀਂ ਮਿਲਿਆ ਜਿਸ ਤੋਂ ਬਾਅਦ ਡੀਐਸਪੀ ਨੇ ਤੁਰੰਤ ਇਲਾਕਾ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਧਾਰਮਿਕ ਸਥਾਨ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ‘ਚ ਪਰਿਵਾਰ ਨਾਲ ਦੋ ਅਣਪਛਾਤੇ ਨੌਜਵਾਨ ਲੜਕੀਆਂ ਵੀ ਮੌਜੂਦ ਹੋਣ ਦੀ ਗੱਲ ਸਾਹਮਣੇ ਆਈ ਹੈ।ਇਸ ਤੋਂ ਬਾਅਦ ਪੁਲਿਸ ਲਗਾਤਾਰ ਉਨ੍ਹਾਂ ਕੁੜੀਆਂ ਦੀ ਭਾਲ ਕਰ ਰਹੀ ਹੈ ਜੋ ਪਰਸ ਲੈ ਕੇ ਰਫੂ ਚੱਕਰ ਹੋ ਗਈਆਂ। ਦਾਅਵਾ ਕੀਤਾ ਜਾ ਰਿਹਾ ਹੈ ਕਿ ਛੇਤੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।