ਜਲੰਧਰ, (ਵਿੱਕੀ ਸੂਰੀ): ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਹੈ ਕਿ ਆਦਮਪੁਰ ਹਵਾਈ ਅੱਡੇ ਤੋਂ ਜਲਦੀ ਹੀ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੰਗਲੌਰ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਸ਼ੁਰੂ ਹੋਣਗੀਆਂ ਕਿਉਂਕਿ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਸਬੰਧੀ ਸਬੰਧਤ ਏਅਰਲਾਈਨਾਂ ਨੂੰ ਰੂਟ ਵੰਡ ਦਿੱਤੇ ਹਨ। ਇਹ ਜਾਣਕਾਰੀ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਐਮ ਸਿੰਧੀਆ ਨੇ ਸੰਸਦ ਮੈਂਬਰ ਨੂੰ ਉਨ੍ਹਾਂ ਦੇ ਪੱਤਰ ਦੇ ਜਵਾਬ ਵਿੱਚ ਦਿੱਤੀ ਹੈ। ਮੰਤਰਾਲੇ ਨੇ ਸੰਸਦ ਮੈਂਬਰ ਨੂੰ ਸੂਚਿਤ ਕੀਤਾ ਹੈ ਕਿ ਉਡਾਨ 5.0 ਦੇ ਤਹਿਤ, ਆਦਮਪੁਰ ਤੋਂ ਉਪਰੋਕਤ ਰੂਟਾਂ ਲਈ ਵੱਖ-ਵੱਖ ਏਅਰਲਾਈਨਾਂ ਨੂੰ ਵੰਡੇ ਗਏ ਹਨ, ਜਿਨ੍ਹਾਂ ‘ਤੇ ਜਲਦੀ ਹੀ ਉਨ੍ਹਾਂ ਦੇ ਪਾਸਿਓਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਮੰਤਰਾਲੇ ਮੁਤਾਬਕ ਉਡਾਨ ਸਕੀਮ ਤਹਿਤ ਪਹਿਲਾਂ ਆਦਮਪੁਰ ਹਵਾਈ ਅੱਡੇ ਤੋਂ ਨਵੀਂ ਦਿੱਲੀ, ਮੁੰਬਈ ਅਤੇ ਜੈਪੁਰ ਲਈ ਉਡਾਣ ਸੇਵਾ ਸ਼ੁਰੂ ਕੀਤੀ ਗਈ ਸੀ ਪਰ ਇਹ ਤਿੰਨ ਸਾਲਾਂ ਦੇ ਅਰਸੇ ਬਾਅਦ ਬੰਦ ਹੋ ਗਈ। ਹੁਣ UDAN 5.0 ਦੇ ਤਹਿਤ ਉਪਰੋਕਤ ਰੂਟਾਂ ‘ਤੇ ਸੇਵਾ ਸ਼ੁਰੂ ਹੋਣ ਵਾਲੀ ਹੈ। ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਇਹ ਹਵਾਈ ਅੱਡਾ 125 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਅਤੇ ਇਸ ਦੇ ਉਦਘਾਟਨ ਤੋਂ ਬਾਅਦ ਇੱਥੋਂ ਉਡਾਣਾਂ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਹਵਾਈ ਅੱਡੇ ਦੇ ਖੁੱਲ੍ਹਣ ਨਾਲ ਪ੍ਰਵਾਸੀ ਭਾਰਤੀ ਅਤੇ ਉਦਯੋਗਿਕ ਹੱਬ ਵਜੋਂ ਮਸ਼ਹੂਰ ਦੁਆਬਾ ਖੇਤਰ ਨੂੰ ਵੱਡੇ ਸ਼ਹਿਰਾਂ ਨਾਲ ਹਵਾਈ ਸੰਪਰਕ ਮਿਲੇਗਾ। ਵਰਣਨਯੋਗ ਹੈ ਕਿ ਇਸ ਹਵਾਈ ਅੱਡੇ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ‘ਤੇ ਰੱਖਣ ਦੀ ਮੰਗ ਸੰਸਦ ‘ਚ ਵੀ ਸੰਸਦ ‘ਚ ਉਠਾਈ ਗਈ ਸੀ।