ਸ੍ਰੀ ਮੁਕਤਸਰ ਸਾਹਿਬ, 22 ਫਰਵਰੀ (ਵਿਪਨ ਮਿਤੱਲ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੁਪਰ ਸੀਨੀਅਰ ਮੈਂਬਰ ਅਤੇ ਸਥਾਨਕ ਨਾਮਦੇਵ ਸਭਾ ਦੇ ਸਿਰ ਕੱਢ ਆਗੂ ਸਥਾਨਕ ਕੱਚਾ ਥਾਂਦੇਵਾਲਾ ਰੋਡ ਦੇ ਵਸਨੀਕ ਮਾਸਟਰ ਗੁਰਮੇਲ ਸਿੰਘ (90) ਕਰੀਬ ਹਫਤਾ ਕੁ ਪਹਿਲਾਂ ਸਵਰਗਵਾਸ ਹੋ ਗਏ ਸਨ। ਉਹ ਆਪਣੇ ਪਿਛੇ ਧਰਮ ਪਤਨੀ ਅਜਮੇਰ ਕੌਰ, ਪੰਜਾਬੀ ਮਿਸਟ੍ਰੈਸ ਬੇਟੀ ਇੰਦਰਜੀਤ ਕੌਰ, ਸਟਾਫ ਨਰਸ ਬੇਟੀ ਬੇਅੰਤ ਕੌਰ, ਸੇਵਾ ਮੁਕਤ ਕਾਨੂਗੋ ਬੇਟਾ ਮਨਪ੍ਰੀਤ ਸਿੰਘ ਅਤੇ ਸੈਂਟਰਲ ਬੈਂਕ ਆਫ ਇੰਡੀਆ ਵਿਚੋਂ ਬਤੌਰ ਅਸਿਸਟੈਂਟ ਮੈਨੇਜਰ ਸੇਵਾ ਮੁਕਤ ਪੁੱਤਰ ਉਪਕਾਰ ਸਿੰਘ ਸਮੇਤ ਕੈਨੇਡਾ ਵਿਚ ਵਸਦੇ ਪੋਤਰੇ ਅਤੇ ਪੋਤਰੀਆਂ ਸਮੇਤ ਦੋਹਤੇ-ਦੋਹਤੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੰਬੀਹਾ ਭਾਈ ਵਿਖੇ ਭਾਗ ਸਿੰਘ ਦੇ ਗ੍ਰਹਿ ਵਿਖੇ ਮਾਤਾ ਕਰਤਾਰ ਕੌਰ ਦੇ ਕੁੱਖੋਂ ਪੈਦਾ ਹੋਏ ਗੁਰਮੇਲ ਸਿੰਘ ਨੇ ਮੁੱਢਲੀ ਸਿੱਖਿਆ ਆਪਣੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਹੈ। ਕਿੱਤੇ ਵਜੋਂ ਡਰਾਇੰਗ ਮਾਸਟਰ ਗੁਰਮੇਲ ਸਿੰਘ ਨੇ ਆਰਟ ਕਰਾਫਟ ਦਾ ਕੋਰਸ ਸ਼ਿਮਲੇ ਤੋਂ ਕਰਨ ਉਪਰੰਤ ਕਰੀਬ ਸਤਾਹਠ ਸਾਲ ਪਹਿਲਾਂ ਜਿਲ੍ਹਾ ਫਿਰੋਜਪੁਰ ਦੇ ਸਰਕਾਰੀ ਸਕੂਲ ਕੱਸੋਆਣਾ ਵਿਖੇ ਨੌਕਰੀ ਸ਼ੁਰੂ ਕੀਤੀ। ਇੱਕ ਵਧੀਆ ਅਧਿਆਪਕ ਅਤੇ ਨੇਕ ਦਿਨ ਇਨਸਾਨ ਵਜੋਂ ਜਾਣੇ ਜਾਂਦੇ ਸਵਰਗਵਾਸੀ ਗੁਰਮੇਲ ਸਿੰਘ ਸਮਾਜ ਵਿਚ ਇੱਜ਼ਤਦਾਰ ਰੁਤਬਾ ਰੱਖਦੇ ਸਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਵਫ਼ਦ ਨੇ ਅੱਜ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਵ: ਗੁਰਮੇਲ ਸਿੰਘ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਵਫ਼ਦ ਵਿਚ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘਰ ਰੱਖਰਾ, ਮੁੱਖ ਸਲਾਹਕਾਰ ਜਗਦੀਸ਼ ਚੰਦਰ ਧਵਾਲ, ਲੋਕ ਸੰਪਰਕ ਵਿੰਗ ਦੇ ਡਾਇਰੈਕਟਰ ਵਿਜੇ ਸਿਡਾਨਾ ਅਤੇ ਨਰਿੰਦਰ ਕਾਕਾ ਫੋਟੋ ਗ੍ਰਾਫਰ ਤੋਂ ਇਲਾਵਾ ਸਵ: ਗੁਰਮੇਲ ਸਿੰਘ ਦੇ ਪਰਿਵਾਰਕ ਮੈਂਬਰ ਸੁਖਜੀਤ ਸਿੰਘ ਪੱਪੀ ਚਾਹਲ, ਭਾਨ ਚੰਦ ਕਾਨੂੰਗੋ, ਮਲਕੀਤ ਸਿੰਘ ਸਰਾਂ ਅਤੇ ਸਿਮਨਦੀਪ ਸਿੰਘ ਸਰਪੰਚ ਸੰਮੇਵਾਲੀ ਅਤੇ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ। ਸਵ: ਗੁਰਮੇਲ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 25 ਫਰਵਰੀ ਐਤਵਾਰ ਨੂੰ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਦੁਪਹਿਰ 12:00 ਤੋਂ 1:00 ਵਜੇ ਤੱਕ ਪਵੇਗਾ।