ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਮੌਕੇ ਸਤਿਗੁਰੂ ਰਵਿਦਾਸ ਧਰਮਸ਼ਾਲਾ ਵਡਾਲਾ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਵਡਾਲਾ ਚੌਕ, ਗੁਰੂ ਰਵਿਦਾਸ ਚੌਕ, ਅੰਬੇਡਕਰ ਚੌਕ, ਭਗਵਾਨ ਵਾਲਮੀਕੀ ਚੌਕ, ਕੰਪਨੀ ਬਾਗ ਤੋਂ ਹੁੰਦੀ ਹੋਈ ਸਤਿਗੁਰੂ ਰਵਿਦਾਸ ਧਰਮਸ਼ਾਲਾ ਵਡਾਲਾ ਵਿਖੇ ਸਮਾਪਤ ਹੋਈ। ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਇਸ ਸ਼ੋਭਾ ਯਾਤਰਾ ਵਿੱਚ ਪਿਰਥੀਪਾਲ ਕੈਲੇ ਸਾਬਕਾ ਪੰਚ, ਸਰਪੰਚ ਵਡਾਲਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਕਮੇਟੀ ਮੈਂਬਰਾਂ ਨੇ ਪਿਰਥੀਪਾਲ ਕੈਲੇ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪਿਰਥੀਪਾਲ ਕੈਲੇ ਅਤੇ ਪ੍ਰਧਾਨ ਜਸਵੀਰ ਬਿੱਟੂ ਨੇ ਸਮੂਹ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੱਤੀਆਂ । ਪਿਰਥੀਪਾਲ ਕੈਲੇ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਨਮੋਲ ਫਲਸਫੇ ਬੇਗਮਪੁਰਾ ਤੇ ਚੱਲਦਿਆਂ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ । ਸਤਿਗੁਰੂ ਰਵਿਦਾਸ ਮਹਾਰਾਜ ਨੇ ਸਮਾਜ ਵਿੱਚੋਂ ਜਾਤ-ਪਾਤ ਅਤੇ ਵਿਤਕਰੇ ਵਰਗੀਆਂ ਬੁਰਾਈਆਂ ਨੂੰ ਖ਼ਤਮ ਕਰਕੇ ਸਮਾਜ ਵਿੱਚ ਬਰਾਬਰਤਾ ਲਿਆਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ਜਸਵੀਰ ਬਿੱਟੂ, ਭਾਈ ਮਨਜੀਤ ਸਿੰਘ, ਜੀਵਨ ਕੁਮਾਰ, ਲਖਬੀਰ ਚੰਦ, ਰਾਮ ਪ੍ਰਕਾਸ਼, ਸੰਦੀਪ ਲਾਖਾ, ਰਮਨ ਚੋਪੜਾ, ਮਦਨ ਲਾਲ,ਪਰਮਜੀਤ ਪੰਮਾ, ਰਾਮ ਕਿਸ਼ਨ, ਸੰਜੂ, ਜੋਗਿੰਦਰ ਪਾਲ, ਕਸ਼ਮੀਰੀ ਲਾਲ, ਰਾਜਪਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।