ਜਲੰਧਰ ਵਿਚ ਅਚਾਨਕ ਹੀ ਬਾਅਦ ਦੁਪਹਿਰ ਮੌਸਮ ਨੇ ਆਪਣਾ ਮਿਜਾਜ਼ ਬਦਲਿਆ। ਤੇਜ਼ ਹਵਾਵਾਂ ਨਾਲ ਗੜੇਮਾਰੀ ਸ਼ੁਰੂ ਹੋ ਗਈ। ਇਸ ਦੇ ਨਾਲ ਹੀ ਤੇਜ਼ ਬਾਰਸ਼ ਵੀ ਪੈ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਭਰ ਵਿਚ ਵੀ ਮੀਂਹ ਪੈਣ ਦੀਆਂ ਖਬਰਾਂ ਹਨ।

    ਜਲੰਧਰ (ਅਭਯ ਸ਼ਰਮਾ): ਸ਼ੁੱਕਰਵਾਰ ਰਾਤ ਨੂੰ ਪਏ ਮੀਂਹ ਤੋਂ ਬਾਅਦ ਅੱਜ ਸਵੇਰੇ ਤੋਂ ਹੀ ਬੱਦਲਵਾਈ ਬਣੀ ਹੋਈ ਸੀ। ਦੁਪਹਿਰ 3 ਵਜੇ ਦੇ ਕਰੀਬ ਅਚਾਨਕ ਅਸਮਾਨ ’ਚ ਸੰਘਣੇ ਬੱਦਲ ਛਾ ਗਏ ਅਤੇ ਤੇਜ਼ ਮੀਂਹ ਦੇ ਨਾਲ ਕਰੀਬ ਅੱਧਾ ਘੰਟਾ ਗੜਮੇਾਰੀ ਹੋਈ। ਅਚਾਨਕ ਸ਼ੁਰੂ ਹੋਏ ਤੇਜ਼ ਹਵਾਵਾਂ ਨਾਲ ਮੀਂਹ ਤੇ ਗੜੇਮਾਰੀ ਦੌਰਾਨ ਸੜਕਾਂ ’ਤੇ ਘੁੰਮ ਰਹੇ ਲੋਕ ਬਚਣ ਲਈ ਸੁਰੱਖਿਅਤ ਥਾਵਾਂ ਵੱਲ ਨੂੰ ਭੱਜੇ। ਤੇਜ਼ ਮੀਂਹ ਤੇ ਗੜੇਮਾਰੀ ਨਾਲ ਮੌਸਮ ’ਚ ਠੰਢਕ ਆ ਗਈ ਅਤੇ ਲੋਕਾਂ ਨੇ ਸਵੈਟਰਾਂ ਦੀ ਥਾਂ ਮੁੜ ਜੈਕਟਾਂ ਪਾ ਲਈਆਂ ਹਨ। ਮੌਸਮ ਵਿਭਾਗ ਮੁਤਾਬਕ ਸ਼ਨਿੱਚਰਵਾਰ ਰਾਤ ਨੂੰ ਮੁੜ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਤੇ ਗੜੇਮਾਰੀ ਨਾਲ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ

    ਫ਼ਸਲਾਂ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ

    ਬਾਰਿਸ਼ ਕਾਰਨ ਫ਼ਸਲਾਂ ਨੂੰ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਇਸ ਨਾਲ ਪੱਕ ਕੇ ਤਿਆਰ ਸਰ੍ਹੋਂ ਦੀ ਫ਼ਸਲ ਦੇ ਨਾਲ-ਨਾਲ ਕਣਕ ਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ। ਖੇਤੀਬਾੜੀ ਮਾਹਿਰ ਡਾ. ਬਲਦੇਵ ਸਿੰਘ ਅਨੁਸਾਰ ਹਨੇਰੀ-ਬਾਰਿਸ਼ ਨਾਲ ਕਣਕ ਦੀਆਂ ਉਨ੍ਹਾਂ ਫ਼ਸਲਾਂ ਨੂੰ ਨੁਕਸਾਨ ਹੋ ਸਕਦਾ ਹੈ ਜਿੱਥੇ ਕਿਸਾਨਾਂ ਨੇ ਸਿੰਚਾਈ ਕੀਤੀ ਸੀ। ਬਾਰਿਸ਼ ਨਾਲ ਨਮੀ ਵੱਧ ਜਾਵੇਗੀ ਤੇ ਮਿੱਟੀ ’ਚ ਜੜ੍ਹਾਂ ਦੀ ਪਕੜ ਕਮਜ਼ੋਰ ਹੋਣ ਨਾਲ ਫ਼ਸਲ ਡਿੱਗਣ ਦੀ ਸੰਭਾਵਨਾ ਰਹਿੰਦੀ ਹੈ। ਇਸ ਦਾ ਅਸਰ ਝਾੜ ’ਤੇ ਵੀ ਪੈ ਸਕਦਾ ਹੈ। ਉੱਥੇ ਤੇਜ਼ ਹਵਾਵਾਂ ਕਾਰਨ ‘ਯੈਲੋ ਰਸਟ’ ਬਿਮਾਰੀ ਦੇ ਇਕ ਤੋਂ ਦੂਜੀ ਥਾਂ ਫੈਲਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹਾਲਾਂਕਿ ਹੁਣ ਤੱਕ ਰੋਪੜ ’ਚ ਹੀ ਕੁਝ ਥਾਵਾਂ ’ਤੇ ਕਣਕ ਦੀ ਫ਼ਸਲ ’ਤੇ ‘ਯੈਲੋ ਰਸਟ’ ਬਿਮਾਰੀ ਦਾ ਪਤਾ ਲੱਗਾ ਹੈ। ਸਭ ਤੋਂ ਵੱਡਾ ਨੁਕਸਾਨ ਸਰ੍ਹੋਂ ਦੀ ਫ਼ਸਲ ਨੂੰ ਹੋ ਸਕਦਾ ਹੈ। ਪੰਜਾਬ ’ਚ ਬਹੁਤੀਆਂ ਥਾਵਾਂ ’ਤੇ ਸਰ੍ਹੋਂ ਪੱਕ ਚੁੱਕੀ ਹੈ। ਤੇਜ਼ ਹਵਾ ਚੱਲਣ ਨਾਲ ਸਰ੍ਹੋਂ ਦੀ ਪੱਕੀ ਹੋਈ ਫ਼ਸਲ ਜ਼ਮੀਨ ’ਤੇ ਵਿਛਣ ਨਾਲ ਦਾਣੇ ਝੜਨ ਤੇ ਖ਼ਰਾਬ ਹੋਣ ਨਾਲ ਉਤਪਾਦਨ ਤੇ ਕੁਆਲਿਟੀ ਪ੍ਰਭਾਵਿਤ ਹੋ ਸਕਦੀ ਹੈ। ਗੜੇਮਾਰੀ ਨਾਲ ਸਬਜ਼ੀਆਂ ਦੀਆਂ ਫ਼ਸਲਾਂ ਵੀ ਖ਼ਰਾਬ ਹੋ ਸਕਦੀਆਂ ਹਨ।