ਸ੍ਰੀ ਮੁਕਤਸਰ ਸਾਹਿਬ, 04 ਮਾਰਚ (ਵਿਪਨ ਮਿੱਤਲ) ਪਿਛਲੇ ਲੰਮੇ ਸਮੇਂ ਤੋਂ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥੀ ਮੁਕਤਸਰ ਵਿਕਾਸ ਮਿਸ਼ਨ ਦੀ ਉੱਚ ਪੱਧਰੀ ਮੀਟਿੰਗ ਅੱਜ ਸਥਾਨਕ ਨਿੱਜੀ ਹੋਟਲ ਵਿਖੇ ਹੋਈ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਮਿਸ਼ਨ ਦੇ ਮੁੱਖ ਸਲਾਹਕਾਰ ਜਗਦੀਸ਼ ਚੰਦਰ ਧਵਾਲ, ਅਮਰ ਨਾਥ ਸੇਰਸੀਆ, ਕੈਸ਼ੀਅਰ ਡਾ. ਸੰਜੀਵ ਮਿੱਡਾ, ਸੀਨੀਅਰ ਮੈਂਬਰ ਰਾਜੇਸ਼ ਗਿਰਧਰ, ਚੌ. ਬਲਬੀਰ ਸਿੰਘ, ਓ.ਪੀ. ਖਿੱਚੀ, ਬਿਮਲਾ ਢੋਸੀਵਾਲ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਮੀਟਿੰਗ ਦੌਰਾਨ ਮਿਸ਼ਨ ਵੱਲੋਂ ਅੰਤਰਰਾਸ਼ਟਰੀ ਇਸਤਰੀ ਦਿਵਸ ਨੂੰ ਸਮਰਪਿਤ ਸਮੂਹਿਕ ਸ਼ਾਦੀ ਸਿਲਵਰ ਜੁਬਲੀ ਸਮਾਰੋਹ ਮਨਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਸਿਲਵਰ ਜੁਬਲੀ ਸਮਾਰੋਹ ਆਉਂਦੀ 10 ਮਾਰਚ ਐਤਵਾਰ ਨੂੰ ਸਥਾਨਕ ਰੇਲਵੇ ਰੋਡ ਸਥਿਤ ਪਵਨ ਹੋਟਲ ਐਂਡ ਸਵੀਟਸ ਸ਼ਾਪ ਵਿਖੇ ਸਵੇਰੇ 11:00 ਵਜੇ ਆਯੋਜਿਤ ਕੀਤਾ ਜਾਵੇਗਾ। ਮੈਡਮ ਕੰਚਨ ਅਰੋੜਾ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਜਿਸ ਸਮਾਰੋਹ ਸਮੇਂ ਪ੍ਰੋ. ਵੰਦਨਾ ਢੋਸੀਵਾਲ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਜਦੋਂ ਕਿ ਮੈਡਮ ਵੀਨਾ ਸਿਡਾਨਾ ਅਤੇ ਮੈਡਮ ਰੇਨੂੰ ਕਟਾਰੀਆ ਸਮਾਰੋਹ ਸਮੇਂ ਬਤੌਰ ਗੈਸਟ ਆਫ਼ ਆੱਨਰ ਸ਼ਾਮਿਲ ਹੋਣਗੇ। ਜਿਕਰਯੋਗ ਹੈ ਕਿ ਮਿਸ਼ਨ ਮੁਖੀ ਅਤੇ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਕਰੀਬ ਛੱਬੀ ਸਾਲ ਪਹਿਲਾਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣ ਦਾ ਪਵਿੱਤਰ ਕਾਰਜ ਸ਼ੁਰੂ ਹੋਇਆ ਸੀ। ਇਨ੍ਹਾਂ ਸ਼ਾਦੀਆਂ ਦੀ ਸਿਲਵਰ ਜੁਬਲੀ ਮਨਾਏ ਜਾਣ ਦੀ ਖੁਸ਼ੀ ਵਿਚ ਲਾਰਡ ਬੁੱਧਾ ਟਰੱਸਟ ਵੱਲੋਂ ਕਰਵਾਈਆਂ ਗਈਆਂ ਸ਼ਾਦੀਆਂ ਵਿੱਚੋਂ 11 ਸ਼ਾਦੀ ਸ਼ੁਦਾ ਜੋੜਿਆਂ ਨੂੰ ਢੋਸੀਵਾਲ ਪਰਿਵਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਸਨਮਾਨਿਤ ਕਰਨ ਦੀ ਇਹ ਰਸਮ ਮਿਸ਼ਨ ਮੁਖੀ ਢੋਸੀਵਾਲ ਦੀ ਧਰਮ ਪਤਨੀ ਬਿਮਲਾ ਢੋਸੀਵਾਲ ਅਤੇ ਸਥਾਨਕ ਚੱਕ ਬੀੜ ਸਰਕਾਰ ਰੋਡ ਸਥਿਤ ਭਾਰਤੀ ਹਸਪਤਾਲ ਦੀ ਸੰਚਾਲਕ ਜਨਰਲ ਅਤੇ ਇਸਤਰੀ ਰੋਗਾਂ ਦੀ ਮਾਹਿਰ ਡਾ. ਮਿਨਾਕਸ਼ੀ ਭਾਰਤੀ ਵੱਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਜਾਵੇਗੀ। ਮੈਡਮ ਰਜਨੀ ਜੋਸ਼ੀ ਐਂਡ ਫਰੈਂਡਜ਼ ਸਟੇਜ ਨੂੰ ਸ਼ਾਨਦਾਰ ਢੰਗ ਨਾਲ ਸਜਾਉਣਗੇ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਉਪਰੋਕਤ ਸਮਾਰੋਹ ਦੌਰਾਨ ਸਭਿਆਚਾਰਕ ਗੀਤ-ਸੰਗੀਤ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ ਅਤੇ ਕੁਇਜ ਪ੍ਰੋਗਰਾਮ ਵੀ ਹੋਵੇਗਾ। ਸਮਾਰੋਹ ਦੇ ਅੰਤ ਵਿੱਚ ਸਭਨਾਂ ਲਈ ਵਿਸ਼ੇਸ਼ ਚਾਹ-ਪਾਣੀ ਦਾ ਪ੍ਰਬੰਧ ਕੀਤਾ ਜਾਵੇਗਾ।