ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲੇ ‘ਚ ਸੋਮਵਾਰ ਰਾਤ ਨੂੰ ਇਕ ਵਿਆਹ ਦੀਆਂ ਖੁਸ਼ੀਆਂ ਵਿਚ ਅਚਾਨਕ ਮਾਤਮ ਛਾ ਗਿਆ। ਤੇਜ਼ ਰਫਤਾਰ ਟਰੱਕ ਕਥਿਤ ਤੌਰ ‘ਤੇ ਗਲਤ ਸਾਈਡ ਤੋਂ ਓਵਰਟੇਕ ਕਰ ਕੇ ਇਕ ਵਿਆਹ ਸਮਾਰੋਹ ‘ਚ ਜਾ ਵੜਿਆ। ਇਸ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸੁਲਤਾਨਪੁਰ ਇਲਾਕੇ ‘ਚ ਵਾਪਰਿਆ। ਸੁਲਤਾਨਪੁਰ ਥਾਣੇ ਦੇ ਇੰਚਾਰਜ ਰਜਤ ਸਰਾਠੇ ਨੇ ਦੱਸਿਆ ਕਿ ਪੀੜਤਾਂ ਵਿੱਚ ਵਿਆਹ ਸਮਾਗਮ ਲਈ ਲਾਈਟਾਂ ਲੈ ਕੇ ਜਾ ਰਹੇ ਮਜ਼ਦੂਰ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਘਟਨਾ ਤੋਂ ਬਾਅਦ ਰਾਏਸੇਨ ਦੇ ਕੁਲੈਕਟਰ ਅਰਵਿੰਦ ਦੂਬੇ ਨੇ ਕਿਹਾ ਸੀ ਕਿ ਇਹ ਹਾਦਸਾ ਸੋਮਵਾਰ ਰਾਤ 10 ਵਜੇ ਖਮਾਰੀਆ ਪਿੰਡ ਨੇੜੇ ਵਾਪਰਿਆ। ਵਿਆਹ ਦੀ ਬਰਾਤ ਹੋਸ਼ੰਗਾਬਾਦ ਜ਼ਿਲ੍ਹੇ ਦੇ ਅੰਚਲਖੇੜਾ ਤੋਂ ਆਇਆ ਸੀ। ਕੁਲੈਕਟਰ ਨੇ ਦੱਸਿਆ ਕਿ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਪੰਜ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਨੂੰ ਭੋਪਾਲ ਸ਼ਿਫਟ ਕਰ ਦਿੱਤਾ ਗਿਆ ਹੈ। ਬਾਅਦ ਵਿੱਚ ਇੱਕ ਹੋਰ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ।
ਕੁਲੈਕਟਰ ਅਰਵਿੰਦ ਦੂਬੇ ਨੇ ਕਿਹਾ ਕਿ ਮੁੱਖ ਮੰਤਰੀ ਮੋਹਨ ਯਾਦਵ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।