ਹੁਸ਼ਿਆਰਪੁਰ ਦੇ ਕਸਬਾ ਟਾਂਡਾ ਉੜਮੁੜ ‘ਚ ਦੋ ਸਾਲ ਪੁਰਾਣੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ‘ਚ ਗਵਾਹੀ ਦੇਣ ਵਾਲੇ ਪਰਿਵਾਰ ‘ਤੇ ਦਰਜਨ ਤੋਂ ਵੱਧ ਹਮਲਾਵਰਾਂ ਨੇ ਹਮਲਾ ਕਰ ਦਿਤਾ। ਜਿਸ ਘਰ ‘ਚ ਹਮਲਾ ਹੋਇਆ, ਉੱਥੇ 11 ਮਾਰਚ ਨੂੰ ਵਿਆਹ ਸੀ। ਪਹਿਲਾਂ ਘਰ ਦੇ ਬਾਹਰ ਇੱਟਾਂ ਅਤੇ ਪਥਰਾਅ ਕੀਤਾ ਗਿਆ, ਫਿਰ ਘਰ ਦੇ ਅੰਦਰ ਦਾਖਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਸਾਮਾਨ ਤੋੜ ਦਿਤਾ। ਇਸ ਦੌਰਾਨ ਮੁਲਜ਼ਮਾਂ ਨੇ ਘਰ ਵਿੱਚ ਹਵਾ ਵਿਚ ਗੋਲੀਆਂ ਵੀ ਚਲਾਈਆਂ।ਇਸ ਘਟਨਾ ‘ਚ ਲਾੜਾ ਅਤੇ ਉਸ ਦਾ ਪਿਤਾ ਜ਼ਖ਼ਮੀ ਹੋ ਗਏ। ਇਸ ਪੂਰੀ ਘਟਨਾ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਜਿਸ ‘ਚ ਦੋਸ਼ੀ ਹਮਲਾ ਕਰਦੇ ਨਜ਼ਰ ਆ ਰਹੇ ਹਨ। ਥਾਣਾ ਟਾਂਡਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਟਾਂਡਾ ਉੜਮੁੜ ਦੇ ਪਿੰਡ ਰਾਣੀ ਪਿੰਡ ਵਾਸੀ ਜਸਵਿੰਦਰ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਉਸ ਦੇ ਲੜਕੇ ਮਨਿੰਦਰ ਸਿੰਘ ਦਾ ਵਿਆਹ ਸੀ। ਇਸ ਕਾਰਨ ਘਰ ਵਿੱਚ ਕਈ ਮਹਿਮਾਨ ਆਏ ਹੋਏ ਸਨ। ਕੱਲ੍ਹ ਵੀ ਹਰ ਰੋਜ਼ ਵਾਂਗ ਸਾਰਾ ਪਰਿਵਾਰ ਘਰ ਦੇ ਵਿਹੜੇ ਵਿੱਚ ਬੈਠਾ ਸੀ। ਸ਼ਾਮ ਸਾਢੇ ਛੇ ਵਜੇ ਦੇ ਕਰੀਬ ਇੱਕ ਦਰਜਨ ਹਮਲਾਵਰਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਘਟਨਾ ਦੇ ਸਮੇਂ ਪਰਿਵਾਰ ਘਰ ਦੇ ਵਿਹੜੇ ‘ਚ ਬੈਠਾ ਵਿਆਹ ‘ਚ ਮਿਲਿਆ ਸ਼ਗਨ ਗਿਣ ਰਿਹਾ ਸੀ।ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਹਮਲਾ ਕਰਦੇ ਸਮੇਂ ਘਰ ਦੇ ਅੰਦਰ ਹਵਾ ਵਿੱਚ ਫਾਇਰ ਵੀ ਕੀਤੇ। ਇਸ ਘਟਨਾ ‘ਚ ਲਾੜਾ ਅਤੇ ਉਸ ਦਾ ਪਿਤਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਨੇ ਪਿੰਡ ਵਾਸੀ ਸੁਰਜੀਤ ਸਿੰਘ ਤੇ ਉਸ ਦੇ ਪੁੱਤਰਾਂ ਮਨਦੀਪ ਸਿੰਘ, ਦਲਵੀਰ ਸਿੰਘ, ਅਮਰੀਕ ਸਿੰਘ, ਗੁਰਨੇਕ ਸਿੰਘ ਤੇ ਮਨਦੀਪ ਸਿੰਘ ’ਤੇ ਹਮਲੇ ਦੇ ਦੋਸ਼ ਲਾਏ ਹਨ।