ਪੰਜਾਬ ਦੇ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਬੁਧਵਾਰ ਸਵੇਰੇ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮੋਟਰਸਾਈਕਲ ਸਵਾਰ 3 ਨੌਜਵਾਨਾਂ ਦੀ ਸੜਕ ਕਿਨਾਰੇ ਤੇ ਖੜੀ JCB ਮਸ਼ੀਨ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਤਿੰਨੋਂ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰੋਹਿਤ ਕੁਮਾਰ, ਆਸ਼ੀਸ਼ ਕੁਮਾਰ, ਮਨੋਜ ਕੁਮਾਰ, ਵਜੋਂ ਹੋਈ ਹੈ। ਤਿੰਨੇ ਨੌਜਵਾਨ ਗੋਬਿੰਦਪੁਰ ਨਾਲ ਸਬੰਧਿਤ ਸਨ। JCB ਚਾਲਕ ਘਟਨਾ ਵਾਲੀ ਥਾਂ ‘ਤੋਂ ਫਰਾਰ ਹੋ ਗਿਆ ਹੈ। ਫਗਵਾੜਾ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਤਿੰਨੋਂ ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਹੁਸ਼ਿਆਰਪੁਰ ਤੋਂ ਫਗਵਾੜਾ ਵੱਲ ਜਾ ਰਹੇ ਸਨ। ਇਸ ਦੌਰਾਨ ਪਿੰਡ ਜਗਜੀਤਪੁਰ ਨੇੜੇ ਇਹ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਇੱਕ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਉੱਥੇ ਹੀ ਜ਼ਖਮੀ ਹਾਲਤ ‘ਚ ਦੋ ਨੌਜਵਾਨਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਿਲ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁੱਝ ਦੇਰ ਬਾਅਦ ਦੋਨਾਂ ਦੀ ਮੌਤ ਹੋ ਗਈ।

    ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ। ਪੁਲਿਸ ਨੇ ਹਾਦਸੇ ਵਾਲੀ ਥਾਂ ਤੇ ਪਹੁੰਚ ਕੇ ਆਸਪਾਸ ਦੇ ਲੋਕਾਂ ਦੇ ਬਿਆਨ ਦਰਜ ਕੀਤੇ, ਜਿਸ ਤੋਂ ਬਾਅਦ ਉਕਤ JCB ਅਤੇ ਹਾਦਸੇ ‘ਚ ਨੁਕਸਾਨੇ ਗਏ ਵਿਅਕਤੀ ਦੀ ਬਾਈਕ ਨੂੰ ਕਬਜੇ ਵਿੱਚ ਲੈ ਲਿਆ ਹੈ। ਪੁਲਿਸ ਨੇ ਤਿੰਨੋਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਫਗਵਾੜਾ ਦੇ ਸਿਵਿਲ ਹਸਪਤਾਲ ਭੇਜ ਦਿੱਤਾ ਹੈ। ਹਾਦਸੇ ਸਬੰਧੀ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

     

     

    ਪਿੰਡ ਗੋਬਿੰਦਪੁਰ ਵਾਸੀ ਗੋਲੂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਤਿੰਨੋਂ ਨੌਜਵਾਨ ਉਸ ਦੇ ਦੋਸਤ ਸਨ। ਉਹ ਗੋਬਿੰਦਪੁਰ ਵਿੱਚ ਰਹਿੰਦੇ ਸਨ। ਤਿੰਨੋਂ ਆਪਸ ‘ਚ ਚੰਗੇ ਦੋਸਤ ਸਨ। SHO ਲਾਭ ਸਿੰਘ ਨੇ ਦੱਸਿਆ ਕਿ JCB ਨੂੰ ਕਬਜੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। SHO ਨੇ ਅੱਗੇ ਕਿਹਾ ਕਿ ਤਿੰਨੋਂ ਮ੍ਰਿਤਕ ਨੌਜਵਾਨ ਮਾਰਬਲ ਵਿਛਾਉਣ ਦਾ ਕੰਮ ਕਰਦੇ ਸਨ।