ਭਾਰਤ-ਪਾਕਿ ਸਰਹੱਦ ਪਾਰ ਕਰ ਕੇ ਭਾਰਤ ਵਿਚ ਦਾਖ਼ਲ ਹੋਣ ਵਾਲੇ ਦੋ ਪਾਕਿਸਤਾਨੀ ਨਾਬਾਲਗ਼ ਬੱਚਿਆਂ ਦੀ ਕਿਸਮਤ ਫਿਰ ਠੰਢੀ ਵਿਖਾਈ ਦਿਤੀ, ਕਿਉਂਕਿ ਉਨ੍ਹਾਂ ਨੂੰ ਵਤਨ ਵਾਪਸੀ ਦੀ ਪ੍ਰਕਿਰਿਆ ਮੁਕੰਮਲ ਹੋਣ ਦੇ ਬਾਵਜੂਦ ਵੀ ਅਪਣੇ ਮਾਪਿਆਂ ਨੂੰ ਮਿਲਣ ਅਰਥਾਤ ਵਾਪਸ ਘਰ ਪਰਤਣ ਦੀ ਆਗਿਆ ਨਹੀਂ ਮਿਲੀ। ਦੋਵੇਂ ਬੱਚੇ ਵਾਹਗਾ ਬਾਰਡਰ ਤੋਂ ਦੇਰ ਰਾਤ ਵਾਪਸ ਬਾਲ ਸੁਧਾਰ ਘਰ ਫ਼ਰੀਦਕੋਟ ਵਿਖੇ ਫਿਰ ਪਹੁੰਚ ਗਏ।

    ਬਾਲ ਸੁਧਾਰ ਘਰ ਫ਼ਰੀਦਕੋਟ ਦੇ ਸੁਪਰਡੈਂਟ ਰਾਜ ਕੁਮਾਰ ਨੇ ਦਸਿਆ ਕਿ ਦਿੱਲੀ ਤੋਂ ਪਾਕਿਸਤਾਨ ਹਾਈ ਕਮਿਸ਼ਨ ਤੋਂ ਪਾਕਿਸਤਾਨ ਟ੍ਰੈਵਲਿੰਗ ਆਰਡਰ ਨਾ ਮਿਲਣ ਕਾਰਨ ਉਕਤ ਬੱਚਿਆਂ ਨੂੰ ਪਾਕਿਸਤਾਨ ਨਹੀਂ ਭੇਜਿਆ ਜਾ ਸਕਿਆ। ਹੁਣ ਆਰਡਰ ਮਿਲਣ ਦੀ ਉਡੀਕ ਹੈ ਅਤੇ ਜਿਵੇਂ ਆਰਡਰ ਮਿਲਣਗੇ, ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿਤਾ ਜਾਵੇਗਾ।

     

    ਜ਼ਿਕਰਯੋਗ ਹੈ ਕਿ ਕਾਨੂੰਨੀ ਪ੍ਰਕਿਰਿਆ ਵਿਚ ਫਸੇ ਉਕਤ ਮਾਮਲੇ ਨੂੰ ਲੀਗਲ ਏਡ ਵਲੋਂ ਬਿਹਤਰ ਢੰਗ ਨਾਲ ਹੈਂਡਲ ਕੀਤਾ ਗਿਆ ਸੀ, ਜਿਸ ਕਰ ਕੇ ਬੀਤੇ ਕਲ ਦੋਵੇਂ ਪਾਕਿਸਤਾਨੀ ਬੱਚੇ ਅਪਣੇ ਵਤਨ ਵਾਪਸ ਪਰਤ ਰਹੇ ਸਨ, ਕਿਉਂਕਿ ਦੋਵਾਂ ਬੱਚਿਆਂ ਨੂੰ ਬਾਲ ਸੁਧਾਰ ਘਰ ਤੋਂ ਅਧਿਕਾਰੀਆਂ ਦੀ ਟੀਮ ਵਾਹਗਾ ਬਾਰਡਰ ਲਈ ਲੈ ਕੇ ਰਵਾਨਾ ਹੋਈ ਸੀ।ਉਕਤ ਦੋਨੋਂ ਬੱਚੇ ਗ਼ਲਤੀ ਨਾਲ ਭਾਰਤ-ਪਾਕਿ ਸਰਹੱਦ ਪਾਰ ਕਰ ਕੇ ਤਰਨਤਾਰਨ ਜ਼ਿਲ੍ਹੇ ਦੀ ਹੱਦ ਵਿਚ 31 ਅਗੱਸਤ 2022 ਨੂੰ ਦਾਖ਼ਲ ਹੋ ਗਏ ਸਨ, ਜਿਨ੍ਹਾਂ ਨੂੰ ਬੀਐਸਐਫ਼ ਨੇ ਪੁਛਗਿੱਛ ਕਰਨ ਉਪਰੰਤ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿਤਾ ਸੀ। ਉਸ ਤੋਂ ਬਾਅਦ ਉਕਤ ਬੱਚਿਆਂ ਨੂੰ ਬਾਲ ਸੁਧਾਰ ਘਰ ਫ਼ਰੀਦਕੋਟ ਵਿਖੇ ਰਖਿਆ ਗਿਆ, ਟਰਾਇਲ ਸ਼ੁਰੂ ਹੋਇਆ, 18 ਅਪੈ੍ਰਲ 2023 ਨੂੰ ਦੋਵਾਂ ਬੱਚਿਆਂ ਨੂੰ ਅਦਾਲਤ ਨੇ ਬੇਕਸੂਰ ਮੰਨਦਿਆਂ ਬਰੀ ਕਰਨ ਦਾ ਆਦੇਸ਼ ਦਿਤਾ ਪਰ ਤਕਨੀਕੀ ਕਾਰਨਾਂ ਕਰ ਕੇ ਦੋਵਾਂ ਬੱਚਿਆਂ ਦੀ ਰਿਹਾਈ ਨਹੀਂ ਸੀ ਹੋ ਰਹੀ।