ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਕਾਰਵਾਈ ਕਰਦਿਆਂ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦੇ ਪਟਵਾਰਖਾਨੇ ’ਚ ਤਾਇਨਾਤ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਅਤੇ ਉਸ ਦੇ ਸਾਥੀ ਅਮਨਦੀਪ ਸਿੰਘ ਉਰਫ਼ ਦੀਪ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ 30 ਸਾਲ ਤੋਂ ਜਮ੍ਹਾਂਬੰਦੀ ਰਿਕਾਰਡ ਜਾਰੀ ਕਰਨ ਬਦਲੇ 3500 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ’ਚ ਚੰਦਰ ਨਗਰ ਵਾਸੀ ਤੇਲੂ ਰਾਮ ਦੀ ਸ਼ਿਕਾਇਤ ’ਤੇ ਵਿਜੀਲੈਂਸ ਦੀ ਟੀਮ ਨੇ ਦੋਹਾਂ ਖਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮਾਲ ਪਟਵਾਰੀ ਅਤੇ ਉਸ ਦੇ ਕਰਿੰਦੇ ਨੂੰ ਤੇਲੂ ਰਾਮ ਵਾਸੀ ਚੰਦਰ ਨਗਰ, ਲੁਧਿਆਣਾ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸ ਦਾ ਇੱਕ ਪਲਾਟ ਸੀ ਤੇ 30 ਸਾਲ ਦਾ ਜਮ੍ਹਾਂਬੰਦੀ ਰਿਕਾਰਡ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਮੁਲਜ਼ਮ ਅਮਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਪਟਵਾਰੀ ਸਾਹਮਣੇ ਹੀ 3500 ਰੁਪਏ ਰਿਸ਼ਵਤ ਮੰਗਣੀ ਸ਼ੁਰੂ ਕਰ ਦਿੱਤੀ। ਉਸ ਨੇ ਬੈਂਕ ਤੋਂ ਲੋਨ ਲੈਣਾ ਸੀ ਤਾਂ ਉਸ ਨੂੰ ਸਾਰੇ ਰਿਕਾਰਡ ਦੀ ਲੋੜ ਸੀ ਜਿਸ ਕਾਰਨ ਉਹ ਮੁਲਜ਼ਮਾਂ ਨੂੰ ਪੈਸੇ ਦੇਣ ਲਈ ਤਿਆਰ ਹੋ ਗਿਆ।

    ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਮੁਲਾਕਾਤ ਦੌਰਾਨ ਪਟਵਾਰੀ ਨੇ ਉਸ ਨੂੰ ਇਸ ਸਬੰਧੀ ਆਪਣੇ ਸਹਿਯੋਗੀ ਅਮਨਦੀਪ ਸਿੰਘ ਉਰਫ਼ ਦੀਪ ਨੂੰ ਮਿਲਣ ਲਈ ਕਿਹਾ, ਜਿਸ ਨੇ ਰਿਸ਼ਵਤ ਦੇ ਰੂਪ ’ਚ 3500 ਰੁਪਏ ਦੀ ਮੰਗ ਕੀਤੀ ਜਿਸ ’ਚ ਪਟਵਾਰੀ ਦੇ ਸਹਿਯੋਗੀ ਨੇ 500 ਰੁਪਏ ਦੀ ਮੰਗ ਕੀਤੀ ਅਤੇ 3 ਹਜ਼ਾਰ ਰੁਪਏ ਦਾ ਭੁਗਤਾਨ ਪਟਵਾਰੀ ਨੂੰ ਕਰਨ ਲਈ ਆਖਿਆ। ਤੇਲੂ ਰਾਮ ਨੇ ਸਾਰੀ ਰਿਕਾਰਡਿੰਗ ਕੀਤੀ ਹੋਈ ਸੀ ਅਤੇ ਇਸ ਨੂੰ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਦੇ ਦਿੱਤਾ।

    SSP ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਟੀਮ ਨੇ ਜਾਲ ਵਿਛਾਇਆ ਅਤੇ ਜਦੋਂ ਉਹ ਸ਼ਿਕਾਇਤਕਰਤਾ ਤੋਂ 3500 ਰੁਪਏ ਲੈ ਰਿਹਾ ਸੀ ਤਾਂ ਮੁਲਜ਼ਮ ਅਮਨਦੀਪ ਸਿੰਘ ਉਰਫ਼ ਦੀਪ ਨੂੰ ਉਪਰੋਕਤ ਪਟਵਾਰਖਾਨੇ ਦੀ ਪਾਰਕਿੰਗ ’ਚ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਉਧਰ, ਪਟਵਾਰੀ ਸੁਖਵਿੰਦਰ ਸਿੰਘ ਸੋਢੀ ਨੂੰ ਵੀ ਉਸ ਦੇ ਦਫ਼ਤਰ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।