ਸੰਯੁਕਤ ਅਰਬ ਅਮੀਰਾਤ ਵਿੱਚ ਮੰਗਲਵਾਰ ਨੂੰ ਭਾਰੀ ਮੀਂਹ ਨੇ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ। ਆਬੂ ਧਾਬੀ, ਦੁਬਈ ਅਤੇ ਅਲ ਆਇਨ ਵਰਗੇ ਸ਼ਹਿਰਾਂ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕਈ ਪ੍ਰਮੁੱਖ ਹਾਈਵੇਅ ਅਤੇ ਹਵਾਈ ਅੱਡਿਆਂ ‘ਤੇ ਪਾਣੀ ਭਰ ਗਿਆ। ਜਿਸ ਕਾਰਨ ਜਹਾਜ਼ਾਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸ ਦੌਰਾਨ ਯੂਏਈ ਦੇ ਗੁਆਂਢੀ ਓਮਾਨ ਵਿਚ ਵੀ ਭਾਰੀ ਮੀਂਹ ਕਾਰਨ ਹੜ੍ਹ ਦੀ ਮਾਰ ਝੱਲਣੀ ਪਈ। ਹੜ੍ਹ ਕਾਰਨ 18 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਅਤੇ ਮੰਗਲਵਾਰ ਰਾਤ ਤੋਂ ਹੀ ਤੇਜ਼ ਹਵਾਵਾਂ ਨਾਲ ਬਾਰਿਸ਼ ਹੋ ਰਹੀ ਹੈ। ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਡਾਣਾਂ ਵਿੱਚ ਵਿਘਨ ਪਿਆ। ਦੁਬਈ ਏਅਰਪੋਰਟ ਨੂੰ ਦੁਨੀਆ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸੰਯੁਕਤ ਅਰਬ ਅਮੀਰਾਤ ਵਿੱਚ ਮੰਗਲਵਾਰ ਤੱਕ 120 ਮਿਲੀਮੀਟਰ (4.75 ਇੰਚ) ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਸ਼ਹਿਰਾਂ ਦੀਆਂ ਸੜਕਾਂ ਪਾਣੀ ਨਾਲ ਭਰੀਆਂ ਨਜ਼ਰ ਆਈਆਂ।
ਭਾਰੀ ਮੀਂਹ ਅਤੇ ਤੂਫਾਨ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਹਨ। ਜ਼ਿਆਦਾਤਰ ਸਰਕਾਰੀ ਦਫ਼ਤਰ ਵੀ ਬੰਦ ਰਹੇ। ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਕਈ ਵਾਹਨ ਫਸੇ ਹੋਏ ਦੇਖੇ ਗਏ। ਪਾਣੀ ਕੁਝ ਲੋਕਾਂ ਦੇ ਘਰਾਂ ਵਿੱਚ ਵੀ ਵੜ ਗਿਆ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਖਰਾਬ ਮੌਸਮ ਨੂੰ ਦੇਖਦੇ ਹੋਏ ਦੁਬਈ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਕਰਦੇ ਹੋਏ ਪਬਲਿਕ ਸੇਫਟੀ ਐਡਵਾਈਜ਼ਰੀ ਜਾਰੀ ਕੀਤੀ ਸੀ।
ਬੁੱਧਵਾਰ ਸਵੇਰ ਤੱਕ ਪੈਂਦਾ ਰਹੇਗਾ ਮੀਂਹ
ਮੌਸਮ ਵਿਭਾਗ ਦੀ ਸਲਾਹ ਮੁਤਾਬਕ ਮੀਂਹ ਅਤੇ ਤੂਫਾਨ ਦੀ ਸਥਿਤੀ ਬੁੱਧਵਾਰ ਸਵੇਰ ਤੱਕ ਜਾਰੀ ਰਹਿ ਸਕਦੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬੇਲੋੜੇ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਮੀਂਹ ਕਾਰਨ ਹਵਾਈ ਅੱਡੇ ਦੇ ਨਾਲ-ਨਾਲ ਕਈ ਮਾਲ, ਮੈਟਰੋ ਸਟੇਸ਼ਨ ਅਤੇ ਹੋਰ ਜਨਤਕ ਥਾਵਾਂ ਪੂਰੀ ਤਰ੍ਹਾਂ ਡੁੱਬੀਆਂ ਨਜ਼ਰ ਆ ਰਹੀਆਂ ਹਨ।