ਭਾਰਤ ਰੱਖਿਆ ਖੇਤਰ ਵਿਚ ਲਗਾਤਾਰ ਨਵੀਆਂ ਉਚਾਈਆਂ ਨੂੰ ਛੂੰਹ ਰਿਹਾ ਹੈ। ‘ਆਤਮ-ਨਿਰਭਰ ਭਾਰਤ’ ਦੇ ਸੁਪਨੇ ਨੂੰ ਪੂਰਾ ਕਰਨ ਦੇ ਯਤਨਾਂ ਵਿੱਚ ਲਗਾਤਾਰ ਸਫਲਤਾ ਪ੍ਰਾਪਤ ਕੀਤੀ ਜਾ ਰਹੀ ਹੈ। ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਖ਼ਤਰੇ ਵਿੱਚ ਪਾਉਣ ਵਾਲੇ ਫੌਜੀਆਂ ਲਈ ਹੁਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਨਵਾਂ ਅਧਿਆਏ ਲਿਖਿਆ ਹੈ। DRDO ਨੇ ਦੇਸ਼ ਦੀ ਸਭ ਤੋਂ ਹਲਕੀ ਬੁਲੇਟ ਪਰੂਫ਼ ਜੈਕੇਟ ਬਣਾਈ ਹੈ।ਇਹ ਜਾਣਕਾਰੀ ਇੱਕ ਅਧਿਕਾਰਤ ਬਿਆਨ ਵਿਚ ਦਿਤੀ ਗਈ। ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਜੈਕੇਟ ਨਵੀਂ ਡਿਜ਼ਾਈਨ ਪਹੁੰਚ ‘ਤੇ ਆਧਾਰਿਤ ਹੈ, ਜਿਥੇ ਨਵੀਂ ਪ੍ਰਕਿਰਿਆ ਦੇ ਨਾਲ ਆਧੁਨਿਕ ਨਿਰਮਾਣ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਦੱਸਿਆ ਗਿਆ ਕਿ ਹਾਲ ਹੀ ਵਿਚ ਇਸ ਜੈਕੇਟ ਦਾ ਚੰਡੀਗੜ੍ਹ ਸਥਿਤ ‘ਟਰਮੀਨਲ ਬੈਲਿਸਟਿਕ ਰਿਸਰਚ ਲੈਬਾਰਟਰੀ’ (ਟੀ.ਬੀ.ਆਰ.ਐਲ.) ਵਿੱਚ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ।
ਇਹ ਬੁਲੇਟਪਰੂਫ ਜੈਕੇਟ 7.62 X 54 R API ਬਾਰੂਦ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਸਮਰੱਥ ਹੈ। ਇਹ ਸਵਦੇਸ਼ੀ ਜੈਕਟ AK 47 ਦੀ ਗੋਲੀ ਵੀ ਸਹਿ ਲਵੇਗੀ। DRDO ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਜੈਕੇਟ ‘ਤੇ ਇਕ ਤੋਂ ਬਾਅਦ ਇਕ 6 ਸ਼ਾਟਸ ਦਾ ਕੋਈ ਅਸਰ ਨਹੀਂ ਹੈ। ਖਾਸ ਗੱਲ ਇਹ ਹੈ ਕਿ ਨਵੀਂ ਬੁਲੇਟ ਪਰੂਫ ਜੈਕਟਾਂ ਬਹੁਤ ਹੀ ਹਲਕੇ ਹਨ ਅਤੇ ਇਨ੍ਹਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਸੁਰੱਖਿਆ ਬਲਾਂ ਲਈ ਇਨ੍ਹਾਂ ਨੂੰ ਪਹਿਨਣਾ ਆਸਾਨ ਹੋਵੇਗਾ।