ਅਬੋਹਰ ਦੀ ਗੰਗਾ ਵਿਹਾਰ ਕਲੋਨੀ ਦਾ ਰਹਿਣ ਵਾਲਾ ਅਤੇ ਪਿੰਡ ਪੰਚਕੋਸੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਅੰਗਰੇਜ਼ੀ ਦਾ ਲੈਕਚਰਾਰ ਸੁਧੀਰ ਬਿਸ਼ਨੋਈ ਪਿਛਲੇ 3 ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿਚ ਲਾਪਤਾ ਹੈ। ਉਸ ਦਾ ਮੋਟਰਸਾਈਕਲ ਗਿੱਦੜਬਾਹਾ ਨੇੜੇ ਸਰਹਿੰਦ ਫੀਡਰ ‘ਤੇ ਖੜ੍ਹਾ ਮਿਲਿਆ, ਜਿਸ ਕਾਰਨ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਸੁਧੀਰ ਬਿਸ਼ਨੋਈ ਨੇ ਨਹਿਰ ‘ਚ ਛਾਲ ਮਾਰ ਦਿੱਤੀ ਹੋ ਸਕਦੀ ਹੈ। ਇਸ ਦੌਰਾਨ ਲੈਕਚਰਾਰ ਦੇ ਪਰਿਵਾਰਕ ਮੈਂਬਰ ਅਤੇ ਗੋਤਾਖੋਰ ਉਸ ਦੀ ਨਹਿਰ ਵਿਚ ਭਾਲ ਕਰ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਧੀਰ ਬਿਸ਼ਨੋਈ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਕਿਉਂਕਿ ਉਸ ਦੀ ਬੇਟੀ ਕੈਂਸਰ ਤੋਂ ਪੀੜਤ ਸੀ। ਇਸ ਕਾਰਨ ਉਹ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਸ ਨੇ ਛਾਲ ਮਾਰਨ ਵਰਗਾ ਕਦਮ ਨਾ ਚੁੱਕਿਆ ਹੋਵੇ। ਫ਼ਿਲਹਾਲ ਅਧਿਆਪਕ ਦੀ ਭਾਲ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪਤਨੀ ਵੀ ਸਰਕਾਰੀ ਸਕੂਲ ਵਿੱਚ ਲੈਕਚਰਾਰ ਵਜੋਂ ਕੰਮ ਕਰ ਰਹੀ ਹੈ। ਉਧਰ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਤੀਜੇ ਦਿਨ ਵੀ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਭਾਲ ਵਿਚ ਰਾਜਸਥਾਨ ਦੇ ਲੋਹਗੜ੍ਹ ਪੁੱਜੇ ਹਨ ਪਰ ਅਜੇ ਤੱਕ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।
ਸੂਤਰਾਂ ਨੇ ਦੱਸਿਆ ਕਿ ਸੁਧੀਰ ਬਿਸ਼ਰੋਈ ਦੇ ਦਾਦਾ ਅਤੇ ਪਿਤਾ ਨੂੰ ਵੀ ਕੈਂਸਰ ਸੀ। ਹੁਣ ਉਨ੍ਹਾਂ ਦੀ ਬੇਟੀ ਵੀ ਇਸ ਬੀਮਾਰੀ ਤੋਂ ਪੀੜਤ ਹੈ। ਹਾਲਾਂਕਿ ਉਨ੍ਹਾਂ ਦੀ ਬੇਟੀ ਕਾਫ਼ੀ ਹੱਦ ਤੱਕ ਠੀਕ ਹੈ ਪਰ ਫਿਰ ਵੀ ਉਹ ਤਣਾਅ ‘ਚ ਰਹਿੰਦੀ ਹੈ।