ਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਧਰਮਿੰਦਰ ਸਿੰਘ (37 ਸਾਲ) ਪੁੱਤਰ ਬਖਸ਼ੀਸ਼ ਸਿੰਘ ਵਜੋਂ ਹੋਈ ਹੈ। ਮ੍ਰਿਤਕ ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਸਰੀ ਨਜ਼ਦੀਕ ਬੀ. ਸੀ. ਹਾਈਵੇ 5 ਨੇੜੇ ਕਲੀਅਰ ਵਾਟਰ ਕੋਲ 2 ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋ ਗਈ।
ਜਿਸ ਤੋਂ ਬਾਅਦ ਦੋਵਾਂ ਟਰੱਕਾਂ ਨੂੰ ਭਿਆਨਕ ਅੱਗ ਲੱਗ ਗਈ। ਇਕ ਟਰੱਕ ਵਿਚ ਇਕ ਪੰਜਾਬੀ ਨੌਜਵਾਨ ਸੀ, ਜਿਸ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਦੇਣ ਅਨੁਸਾਰ ਧਰਮਿੰਦਰ ਕਰੀਬ ਇਕ ਸਾਲ ਪਹਿਲਾਂ ਕੈਨੇਡਾ ਗਿਆ ਸੀ ਜਿੱਥੇ ਉਹ ਟਰੱਕ ਚਲਾਉਂਦਾ ਸੀ।ਘਟਨਾ ਵਾਲੇ ਦਿਨ ਸ਼ਿਫਟ ਖਤਮ ਹੋਣ ਤੋਂ ਬਾਅਦ ਉਹ ਆਪਣੇ ਸਾਥੀ ਡ੍ਰਾਈਵਰ ਨਾਲ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਇੱਕ ਟਰੱਕ ਦੀ ਉਹਨਾਂ ਦੇ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਇਸ ਕਾਰਨ ਟਰੱਕ ਨੂੰ ਅੱਗ ਲੱਗ ਗਈ ਅਤੇ ਧਰਮਿੰਦਰ ਦੀ ਟਰੱਕ ਦੇ ਵਿੱਚ ਹੀ ਸੜ ਕੇ ਮੌਤ ਹੋ ਗਈ।ਜ਼ਿਕਰਯੋਗ ਹੈ ਕਿ ਧਰਮਿੰਦਰ 10 ਸਾਲ ਸਿੰਗਾਪੁਰ ਰਹਿ ਕੇ ਫਿਰ ਪਿਛਲੇ ਸਾਲ ਕੈਨੇਡਾ ਗਿਆ ਸੀ, ਜਿੱਥੇ ਉਹ ਡ੍ਰਾਈਵਰੀ ਕਰਦਾ ਸੀ। ਧਰਮਿੰਦਰ ਸਿੰਘ ਵਿਆਹਿਆ ਹੋਇਆ ਸੀ। ਉਹ ਆਪਣੇ ਪਿੱਛੇ ਪਰਿਵਾਰ ਵਿੱਚ ਇੱਕ ਅੱਠ ਸਾਲ ਦੀ ਬੱਚੀ ਪਤਨੀ ਅੱਤੇ ਬਜੁਰਗ ਮਾਤਾ ਪਿਤਾ ਨੂੰ ਛੱਡ ਗਿਆ ਹੈ।