ਦੇਸ਼ ਵਿਚ ਪੈ ਰਹੀ ਭਿਆਨਕ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਹੈ। ਅਪ੍ਰੈਲ ਮਹੀਨੇ ਵਿਚ ਦੱਖਣ ਭਾਰਤ ਦੀਆਂ ਕਈ ਥਾਵਾਂ ‘ਤੇ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਜ਼ਿਆਦਾਤਰ ਸੂਬਿਆਂ ਵਿਚ ਤਾਪਮਾਨ 40 ਡਿਗਰੀ ਤੋਂ ਵੱਧ ਦਰਜ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਅਪ੍ਰੈਲ ਮਹੀਨੇ ਵਿਚ ਗਰਮੀ ਨੇ ਪਿਛਲੇ 100 ਸਾਲ ਦਾ ਰਿਕਾਰਡ ਤੋੜ ਦਿੱਤਾ। ਪੂਰਬੀ ਤੇ ਪੂਰਬ-ਉੱਤਰ ਭਾਰਤ ਵਿਚ ਅਪ੍ਰੈਲ ਵਿਚ ਔਸਤ ਘੱਟੋ-ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋ ਕਿ 1901 ਦੇ ਬਾਅਦ ਤੋਂ ਸਭ ਤੋਂ ਵਧ ਹੈ। ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤੀ ਤੂਫਾਨ ਔਸਤ ਤੋਂ ਘੱਟ ਆਇਆ। ਇਸ ਲਈ ਪੂਰਬ ਤੇ ਪੂਰਬ-ਉੱਤਰ ਵਿਚ ਤਾਪਮਾਨ ਮੁਕਾਬਲਤਨ ਜ਼ਿਆਦਾ ਦਰਜ ਕੀਤਾ ਗਿਆ।

    ਭਾਰਤ ਮੌਸਮ ਵਿਭਾਗ (ਆਈਐਮਡੀ) ਦੇ ਮੁਖੀ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਅਪ੍ਰੈਲ ਵਿੱਚ ਦੱਖਣੀ ਪ੍ਰਾਇਦੀਪ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਕਿ 1901 ਤੋਂ ਬਾਅਦ ਦੂਜਾ ਸਭ ਤੋਂ ਉੱਚਾ ਤਾਪਮਾਨ ਸੀ। ਇਸ ਦੇ ਨਾਲ ਹੀ, ਦੱਖਣੀ ਪ੍ਰਾਇਦੀਪ ਭਾਰਤ ਵਿੱਚ, ਵੱਧ ਤੋਂ ਵੱਧ ਤਾਪਮਾਨ 1980 ਦੇ ਦਹਾਕੇ ਤੋਂ ਲਗਾਤਾਰ ਆਮ ਨਾਲੋਂ ਵੱਧ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਓਡੀਸ਼ਾ ਵਿਚ 2016 ਦੇ ਬਾਅਦ ਤੋਂ ਇਸ ਅਪ੍ਰੈਲ ਵਿਚ ਸਭ ਤੋਂ ਲੰਮੇ ਸਮੇਂ ਤੱਕ 16 ਦਿਨ ਲਗਾਤਾਰ ਲੂ ਚੱਲੀ ਜੋ 2016 ਦੇ ਬਾਅਦ ਤੋਂ ਇਸ ਤਰ੍ਹਾਂ ਦੀ ਸਭ ਤੋਂ ਲੰਬੀ ਘਟਨਾ ਹੈ। ਅਪ੍ਰੈਲ ਵਿਚ ਲੂ ਦੇ ਦਿਨਾਂ ਵਿਚ ਗਿਣਤੀ ਗੰਗਾ ਦੇ ਪੱਛਮੀ ਬੰਗਾਲ ਵਿੱਚ 15 ਸਾਲਾਂ ਦੇ ਉੱਚੇ ਪੱਧਰ ਅਤੇ ਓਡੀਸ਼ਾ ਵਿੱਚ 9 ਸਾਲਾਂ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ।

    ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੂਰਬ, ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮਈ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ। ਦੱਖਣੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼, ਵਿਦਰਭ, ਮਰਾਠਵਾੜਾ, ਗੁਜਰਾਤ ਵਿੱਚ ਮਈ ਵਿੱਚ ਪੰਜ ਤੋਂ ਅੱਠ ਹੋਰ ਦਿਨ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ।

    ਉੱਤਰ ਪ੍ਰਦੇਸ਼, ਗੰਗਾ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੜੀਸਾ, ਤੱਟੀ ਆਂਧਰਾ ਪ੍ਰਦੇਸ਼, ਯਾਨਮ, ਰਾਇਲਸੀਮਾ, ਤੇਲੰਗਾਨਾ ਅਤੇ ਅੰਦਰੂਨੀ ਕਰਨਾਟਕ ਵਿੱਚ 4 ਮਈ ਤੱਕ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ‘ਚ ਤੇਜ਼ ਗਰਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ।