ਚਾਲਕ ਦਲ ਦੀ ਕਮੀ ਨਾਲ ਜੂਝ ਰਹੀ ਏਅਰ ਇੰਡੀਆ ਐਕਸਪ੍ਰੈਸ ਨੇ ਵੀਰਵਾਰ ਨੂੰ 74 ਉਡਾਣਾਂ ਰੱਦ ਕਰ ਦਿਤੀਆਂ ਅਤੇ ਕਿਹਾ ਕਿ ਰੁਕਾਵਟ ਨੂੰ ਘੱਟ ਕਰਨ ਲਈ ਏਅਰ ਇੰਡੀਆ ਉਨ੍ਹਾਂ ਦੇ 20 ਰੂਟਾਂ ‘ਤੇ ਸੰਚਾਨਲ ਕਰੇਗੀ।
ਚਾਲਕ ਦਲ ਦੇ ਮੈਂਬਰਾਂ ਨੇ ਏਅਰਲਾਈਨ ਵਿਚ ਕਥਿਤ ਮਾੜੇ ਪ੍ਰਬੰਧਾਂ ਦੇ ਵਿਰੋਧ ਵਿਚ ਮੰਗਲਵਾਰ ਰਾਤ ਨੂੰ ਬੀਮਾਰ ਹੋਣ ਦੀ ਸੂਚਨਾ ਦੇਣੀ ਸ਼ੁਰੂ ਕਰ ਦਿਤੀ। ਚਾਲਕ ਦਲ ਦੀ ਘਾਟ ਕਾਰਨ ਮੰਗਲਵਾਰ ਰਾਤ ਤੋਂ 90 ਤੋਂ ਵੱਧ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਸਨ।
ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ, “ਅਸੀਂ ਅੱਜ 292 ਉਡਾਣਾਂ ਦਾ ਸੰਚਾਲਨ ਕਰਾਂਗੇ। ਅਸੀਂ ਸਾਰੇ ਸਰੋਤ ਇਕੱਠੇ ਕਰ ਲਏ ਹਨ ਅਤੇ ਏਅਰ ਇੰਡੀਆ ਸਾਡੇ 20 ਰੂਟਾਂ ‘ਤੇ ਸੰਚਾਲਨ ਕਰਕੇ ਸਾਡੀ ਮਦਦ ਕਰੇਗੀ। ਕਿਉਂਕਿ ਸਾਡੇ ਕੋਲ 74 ਰੱਦ ਕੀਤੀਆਂ ਗਈਆਂ ਉਡਾਣਾਂ ਹਨ, ਅਸੀਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਜਿਨ੍ਹਾਂ ਨੇ ਅਪਣੀ ਯਾਤਰਾ ਬੁੱਕ ਕੀਤੀ ਹੈ, ਉਹ ਹਵਾਈ ਅੱਡੇ ‘ਤੇ ਪਹੁੰਚਣ ਤੋਂ ਪਹਿਲਾਂ ਇਹ ਜਾਂਚ ਕਰਨ ਕਿ ਕੀ ਉਨ੍ਹਾਂ ਦੀ ਉਡਾਣ ਪ੍ਰਭਾਵਿਤ ਹੋਈ ਹੈ ਜਾਂ ਨਹੀਂ। ’’
ਏਅਰਲਾਈਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਉਡਾਣ ਰੱਦ ਹੋ ਜਾਂਦੀ ਹੈ ਜਾਂ ਤਿੰਨ ਘੰਟੇ ਤੋਂ ਜ਼ਿਆਦਾ ਦੀ ਦੇਰੀ ਹੁੰਦੀ ਹੈ ਤਾਂ ਯਾਤਰੀ ਪੂਰਾ ਰਿਫੰਡ ਲੈ ਸਕਦੇ ਹਨ ਜਾਂ ਬਾਅਦ ‘ਚ ਬੁਕਿੰਗ ਕਰ ਸਕਦੇ ਹਨ। ਇਸ ਤੋਂ ਪਹਿਲਾਂ ਏਅਰ ਇੰਡੀਆ ਐਕਸਪ੍ਰੈਸ ਨੇ ਬੀਮਾਰ ਹੋਣ ਦੀ ਸੂਚਨਾ ਦੇਣ ਵਾਲੇ ਚਾਲਕ ਦਲ ਦੇ ਘੱਟੋ-ਘੱਟ 25 ਮੈਂਬਰਾਂ ਨੂੰ ਬਰਖਾਸਤਗੀ ਪੱਤਰ ਜਾਰੀ ਕੀਤੇ ਸਨ।
ਏਅਰਲਾਈਨ ਨੇ ਚਾਲਕ ਦਲ ਦੇ ਹੋਰ ਮੈਂਬਰਾਂ ਨੂੰ ਵੀਰਵਾਰ ਸ਼ਾਮ 4 ਵਜੇ ਤਕ ਕੰਮ ‘ਤੇ ਵਾਪਸ ਆਉਣ ਦਾ ਆਦੇਸ਼ ਦਿਤਾ ਹੈ ਅਤੇ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵੀ ਬਰਖਾਸਤ ਕਰ ਦਿਤਾ ਜਾਵੇਗਾ। ਇਸ ਪਿਛੋਕੜ ਵਿਚ, ਏਅਰ ਇੰਡੀਆ ਐਕਸਪ੍ਰੈਸ ਨੇ ਕਿਹਾ ਕਿ ਉਹ ਕੁੱਝ ਵਿਅਕਤੀਆਂ ਵਿਰੁਧ ਉਚਿਤ ਕਾਰਵਾਈ ਕਰ ਰਹੀ ਹੈ। ਉਸ ਨੇ ਕਿਹਾ, “ਅਸੀਂ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਦੀ ਵਚਨਬੱਧਤਾ ਨਾਲ ਚਾਲਕ ਦਲ ਨਾਲ ਗੱਲਬਾਤ ਕਰ ਰਹੇ ਹਾਂ, ਅਸੀਂ ਕੁੱਝ ਵਿਅਕਤੀਆਂ ਵਿਰੁਧ ਉਚਿਤ ਕਦਮ ਚੁੱਕ ਰਹੇ ਹਾਂ ਕਿਉਂਕਿ ਉਨ੍ਹਾਂ ਦੀਆਂ ਕਾਰਵਾਈਆਂ ਨੇ ਸਾਡੇ ਹਜ਼ਾਰਾਂ ਯਾਤਰੀਆਂ ਨੂੰ ਗੰਭੀਰ ਅਸੁਵਿਧਾ ਦਿਤੀ ਹੈ”।