ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿਰੋਧੀ ਗੱਠਜੋੜ ‘ਇੰਡੀਆ’ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸ ਦੇ ਲੋਕ ‘ਮੁੰਗਰੀ ਲਾਲ ਦੇ ਹਸੀਨ ਸੁਪਨੇ’ ਵੇਖ ਰਹੇ ਹਨ ਅਤੇ ਉਨ੍ਹਾਂ ਨੇ ਇਕ ਫਾਰਮੂਲਾ ਤਿਆਰ ਕੀਤਾ ਹੈ ਕਿ ਜੇਕਰ ਉਹ ਸੱਤਾ ’ਚ ਆਏ ਤਾਂ ਪੰਜ ਸਾਲਾਂ ’ਚ ਉਨ੍ਹਾਂ ਦੇ ਪੰਜ ਪ੍ਰਧਾਨ ਮੰਤਰੀ ਹੋਣਗੇ।
ਬਿਹਾਰ ਦੇ ਹਾਜੀਪੁਰ, ਮੁਜ਼ੱਫਰਪੁਰ ਅਤੇ ਸਾਰਨ ਲੋਕ ਸਭਾ ਹਲਕਿਆਂ ’ਚ ਲਗਾਤਾਰ ਤਿੰਨ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘‘ਇੰਡੀ’ ਗੱਠਜੋੜ ਅੱਜ-ਕੱਲ੍ਹ ‘ਮੁੰਗੇਰੀ ਲਾਲ ਦੇ ਹਸੀਨ ਸਪਨੇ’ ਵੇਖ ਰਿਹਾ ਹੈ ਕਿ ਕੇਂਦਰ ’ਚ ਉਨ੍ਹਾਂ ਦੀ ਸਰਕਾਰ ਬਣੇਗੀ। ਇਨ੍ਹਾਂ ਲੋਕਾਂ ਨੇ ਪੰਜ ਸਾਲਾਂ ’ਚ ਪੰਜ ਪ੍ਰਧਾਨ ਮੰਤਰੀ ਬਣਾਉਣ ਬਾਰੇ ਸੋਚਿਆ ਹੈ। ਜੇ ਪੰਜ ਸਾਲਾਂ ’ਚ ਪੰਜ ਪ੍ਰਧਾਨ ਮੰਤਰੀ ਹੋਣਗੇ, ਤਾਂ ਦੇਸ਼ ਦਾ ਕੀ ਭਲਾ ਹੋਵੇਗਾ?’’
ਉਨ੍ਹਾਂ ਕਿਹਾ ਇਹ ਚੋਣਾਂ ਵਿਕਸਤ ਭਾਰਤ ਦੇ ਸੰਕਲਪ ਲਈ ਚੋਣਾਂ ਹਨ। ਅੱਜ ਵਿਸ਼ਵ ’ਚ ਭਾਰਤ ਦੀ ਭਰੋਸੇਯੋਗਤਾ ਹੈ ਅਤੇ ਵਿਸ਼ਵ ’ਚ ਵੀ ਭਾਰਤ ਦਾ ਕੱਦ ਹੈ। ਇਹ ਚੋਣਾਂ ਦੇਸ਼ ਦੀ ਭਰੋਸੇਯੋਗਤਾ ਅਤੇ ਰੁਤਬੇ ਨੂੰ ਵਧਾਉਣ ਲਈ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਭਾਰਤ ਦੇ ਭਵਿੱਖ ਦਾ ਫੈਸਲਾ ਕਰਨ, ਲੀਡਰਸ਼ਿਪ ਚੁਣਨ ਲਈ ਹਨ ਅਤੇ ਦੇਸ਼ ਕਾਂਗਰਸ ਦੀ ਕਮਜ਼ੋਰ, ਕਾਇਰਾਨਾ ਅਤੇ ਅਸਥਿਰ ਸਰਕਾਰ ਨਹੀਂ ਚਾਹੁੰਦਾ।
ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਦਾ ਨਾਂ ਲਏ ਬਿਨਾਂ ਮੋਦੀ ਨੇ ਕਿਹਾ, ‘‘ਇੰਡੀ ਗੱਠਜੋੜ ਦੇ ਨੇਤਾਵਾਂ ਵਲੋਂ ਇਹ ਕਿਸ ਤਰ੍ਹਾਂ ਦੇ ਬਿਆਨ ਆ ਰਹੇ ਹਨ। ਇਹ ਲੋਕ ਇੰਨੇ ਡਰੇ ਹੋਏ ਹਨ ਕਿ ਉਹ ਰਾਤ ਨੂੰ ਸੁਪਨੇ ’ਚ ਵੀ ਪਾਕਿਸਤਾਨ ਦਾ ਪ੍ਰਮਾਣੂ ਬੰਬ ਵੇਖਦੇ ਹਨ। ਕਹਿੰਦੇ ਹਨ ਕਿ ਪਾਕਿਸਤਾਨ ਚੂੜੀਆਂ ਨਹੀਂ ਪਹਿਨਦਾ। ਭਰਾਵਾ ਅਸੀਂ ਇਸ ਨੂੰ ਪਹਿਨਾ ਦੇਵਾਂਗੇ। ਉਨ੍ਹਾਂ ਨੂੰ ਆਟੇ ਦੀ ਵੀ ਲੋੜ ਹੈ, ਬਿਜਲੀ ਨਹੀਂ ਹੈ। ਹੁਣ ਸਾਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਕੋਲ ਚੂੜੀਆਂ ਵੀ ਨਹੀਂ ਸਨ।’’
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੀ ਟਿਪਣੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਇਸ ਦਾਅਵੇ ਦੇ ਜਵਾਬ ’ਚ ਆਈ ਹੈ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਲੋਕ ਭਾਰਤ ਦਾ ਹਿੱਸਾ ਬਣਨਾ ਚਾਹੁੰਦੇ ਹਨ।
ਮੋਦੀ ਨੇ ਵਿਅੰਗਾਤਮਕ ਢੰਗ ਨਾਲ ਕਿਹਾ, ‘‘ਕੋਈ ਮੁੰਬਈ ਹਮਲੇ ’ਚ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਰਿਹਾ ਹੈ, ਸਰਜੀਕਲ ਸਟ੍ਰਾਈਕ ’ਤੇ ਸਵਾਲ ਉਠਾ ਰਿਹਾ ਹੈ, ਇਹ ਖੱਬੇਪੱਖੀ ਭਾਰਤ ਦੇ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨਾ ਚਾਹੁੰਦੇ ਹਨ। ਅਜਿਹਾ ਲਗਦਾ ਹੈ ਕਿ ‘ਇੰਡੀ’ ਗੱਠਜੋੜ ਨੇ ਭਾਰਤ ਦੇ ਵਿਰੁਧ ਕਿਸੇ ਤੋਂ ਇਕਰਾਰਨਾਮਾ ਲਿਆ ਹੈ। ਕੀ ਅਜਿਹੇ ਸੁਆਰਥੀ ਲੋਕ ਦੇਸ਼ ਦੀ ਰੱਖਿਆ ਲਈ ਸਖਤ ਫੈਸਲੇ ਲੈ ਸਕਦੇ ਹਨ? ਕੀ ਅਜਿਹੀਆਂ ਪਾਰਟੀਆਂ ਜਿਨ੍ਹਾਂ ਦੀ ਕੋਈ ਟਿਕਾਣਾ ਨਹੀਂ ਹੈ, ਭਾਰਤ ਨੂੰ ਮਜ਼ਬੂਤ ਬਣਾ ਸਕਦੀਆਂ ਹਨ?’’
ਪ੍ਰਧਾਨ ਮੰਤਰੀ ਨੇ ਵਿਰੋਧੀਆਂ ’ਤੇ ਅਪਣੇ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਚਿੰਤਤ ਹੋਣ ਦਾ ਦੋਸ਼ ਲਾਉਂਦਿਆਂ ਕਿਹਾ, ‘‘ਮੇਰਾ ਕੋਈ ਵਾਰਸ ਨਹੀਂ ਹੈ। ਤੁਸੀਂ ਲੋਕ ਮੇਰੇ ਵਾਰਸ ਹੋ।’’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ’ਚ ਕਢਿਆ ਰੋਡ ਸ਼ੋਅ, ਫੁੱਲਾਂ ਦੇ ਮੀਂਹ ਨਾਲ ਹੋਇਆ ਸਵਾਗਤ
ਵਾਰਾਣਸੀ (ਉੱਤਰ ਪ੍ਰਦੇਸ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਪਣੇ ਸੰਸਦੀ ਹਲਕੇ ਵਾਰਾਣਸੀ ’ਚ ਅਪਣਾ ਰੋਡ ਸ਼ੋਅ ਸ਼ੁਰੂ ਕੀਤਾ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਮਦਨ ਮੋਹਨ ਮਾਲਵੀਆ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਦੌਰਾਨ ਲੋਕਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਮੋਦੀ ਮੰਗਲਵਾਰ ਨੂੰ ਵਾਰਾਣਸੀ ਲੋਕ ਸਭਾ ਸੀਟ ਤੋਂ ਅਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਮੁੱਖ ਗੇਟ ’ਤੇ ਸਥਿਤ ਮਹਾਮਨਾ ਮਦਨ ਮੋਹਨ ਮਾਲਵੀਆ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਸਰੀ ਕੁੜਤਾ ਅਤੇ ਚਿੱਟੀ ਸਦਰੀ ਪਹਿਨ ਕੇ ਇਕ ਵਿਸ਼ੇਸ਼ ਅਤੇ ਖੁੱਲ੍ਹੀ ਗੱਡੀ ’ਚ ਸਵਾਰ ਹੋਏ। ਉਨ੍ਹਾਂ ਦੇ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਸਨ। ਸੋਮਵਾਰ ਸ਼ਾਮ ਨੂੰ ਮੋਦੀ ਦਾ ਰੋਡ ਸ਼ੋਅ ਮਾਲਵੀਆ ਚੌਕ ਤੋਂ ਸੰਤ ਰਵਿਦਾਸ ਗੇਟ ਤਕ ਵਧਿਆ। ਮੋਦੀ ਹੱਥ ਜੋੜ ਕੇ ਲੋਕਾਂ ਦੀਆਂ ਸ਼ੁਭਕਾਮਨਾਵਾਂ ਦਾ ਜਵਾਬ ਦੇ ਰਹੇ ਸਨ। ਲੋਕਾਂ ਨੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਸ਼ੋਅ ਦੀ ਸ਼ੁਰੂਆਤ ’ਚ ਮਾਂ ਸ਼ਕਤੀ ਦਲ ਤੋਂ ਇਲਾਵਾ ਬੱਚੇ, ਵੱਡੇ ਅਤੇ ਬਜ਼ੁਰਗ ਮੋਦੀ ਦਾ ਸਵਾਗਤ ਕਰਦੇ ਨਜ਼ਰ ਆਏ। ਰੋਡ ਸ਼ੋਅ ਦੌਰਾਨ 5,000 ਤੋਂ ਵੱਧ ਔਰਤਾਂ ਮੋਦੀ ਦੀ ਗੱਡੀ ਦੇ ਅੱਗੇ ਤੁਰਦੀਆਂ ਨਜ਼ਰ ਆਈਆਂ। ਮੋਦੀ ਵਾਰਾਣਸੀ ਸੰਸਦੀ ਹਲਕੇ ਤੋਂ ਤੀਜੀ ਵਾਰ ਭਾਜਪਾ ਦੇ ਉਮੀਦਵਾਰ ਹਨ, ਜਿੱਥੇ ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ’ਚ 1 ਜੂਨ ਨੂੰ ਵੋਟਾਂ ਪੈਣਗੀਆਂ।
ਮੋਦੀ ਦਾ ਸਵਾਗਤ ਕਰਨ ਲਈ ਸੰਤ ਸਮਾਜ ਅਤੇ ਕਿੰਨਰ ਭਾਈਚਾਰੇ ਦੇ ਲੋਕ ਵੀ ਪਹੁੰਚੇ ਹਨ। ਲੋਕ ਜੈ ਘੋਸ਼ ਅਤੇ ਸ਼ੰਖਨਾਦ ਦੇ ਵਿਚਕਾਰ ਚਲਦੇ ਕਾਫਲੇ ’ਤੇ ਫੁੱਲਾਂ ਦੀ ਵਰਖਾ ਕਰਦੇ ਵੇਖੇ ਗਏ। ਰੋਡ ਸ਼ੋਅ ਦੇ ਰਸਤੇ ’ਚ ਇਕ ਰਿਸੈਪਸ਼ਨ ਸਥਾਨ ’ਤੇ ਟਰਾਂਸਜੈਂਡਰ ਸੰਤ ਮਹਾਮੰਡਲੇਸ਼ਵਰ ਕੌਸ਼ਲਯਾਨੰਦ ਗਿਰੀ ਨੇ ਅਪਣੇ ਚੇਲਿਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਲਾਬ ਦੀਆਂ ਪੰਖੜੀਆਂ ਨਾਲ ਸਵਾਗਤ ਕੀਤਾ ਅਤੇ ਇਸ ਵਾਰ ਭਾਜਪਾ ਸਰਕਾਰ ਨੂੰ 400 ਪਾਰ ਦਾ ਆਸ਼ੀਰਵਾਦ ਦਿਤਾ।
ਗਿਰੀ ਨੇ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਟਰਾਂਸਜੈਂਡਰ ਭਾਈਚਾਰੇ ਲਈ ਕੁੱਝ ਨਹੀਂ ਕੀਤਾ ਪਰ ਮੋਦੀ ਸਰਕਾਰ ਨੇ ਸਮਾਜ ਦੇ ਹਰ ਵਰਗ ਵਾਂਗ ਉਨ੍ਹਾਂ ਦੇ ਸਮਾਜ ਨੂੰ ਸਾਰੀਆਂ ਸਹੂਲਤਾਂ ਦਾ ਲਾਭ ਦਿਤਾ ਹੈ। ਪਿਛਲੀ ਵਾਰ ਨਾਮਜ਼ਦਗੀ ਤੋਂ ਇਕ ਦਿਨ ਪਹਿਲਾਂ ਕਾਸ਼ੀ ’ਚ ਮੋਦੀ ਨੇ ਰੋਡ ਸ਼ੋਅ ਕੀਤਾ ਸੀ। ਵਾਰਾਣਸੀ ਦੇ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ 2014 ਅਤੇ 2019 ਦੇ ਮੁਕਾਬਲੇ ਇਸ ਸਾਲ ਦੇ ਰੋਡ ਸ਼ੋਅ ’ਚ ਵਧੇਰੇ ਲੋਕ ਪਹੁੰਚੇ। ਮੋਦੀ ਨੇ ਇਸ ਤੋਂ ਪਹਿਲਾਂ 2014 ਅਤੇ 2019 ’ਚ ਵਾਰਾਣਸੀ ਲੋਕ ਸਭਾ ਸੀਟ ਜਿੱਤੀ ਸੀ ਅਤੇ ਇਸ ਵਾਰ ਤੀਜੀ ਵਾਰ ਚੋਣ ਲੜ ਰਹੇ ਹਨ।