ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੇ ਕਾਫਲੇ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਕੱਲ ਯਾਨੀ ਐਤਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਸੀ। ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਉਸ ਹੈਲੀਕਾਪਟਰ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਦੌਰਾਨ ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਨੇ ਰਾਸ਼ਟਰਪਤੀ ਦੀ ਸੁਰੱਖਿਆ ਲਈ ਦੁਆ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਰਾਸ਼ਟਰਪਤੀ ਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਦੇਸ਼ ਵਿਚ ਵਾਪਸ ਲਿਆਵੇਗਾ।

    ਈਰਾਨ ਦੇ ਸਰਕਾਰੀ ਟੀਵੀ ਆਈਆਰਆਈਐਨਐਨ ਨਾਲ ਗੱਲ ਕਰਦੇ ਹੋਏ, ਈਰਾਨ ਦੀ ਰੈੱਡ ਕ੍ਰੀਸੈਂਟ ਸੋਸਾਇਟੀ ਦੇ ਮੁਖੀ ਪੀਰ ਹੁਸੈਨ ਕੌਲੀਵੰਦ ਦਾ ਹਵਾਲਾ ਦਿੰਦੇ ਹੋਏ, ਸੀਐਨਐਨ ਨੇ ਰਿਪੋਰਟ ਦਿਤੀ, “ਬਚਾਅ ਅਮਲੇ ਨੂੰ ਅਜੇ ਤਕ ਈਰਾਨੀ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਲੈ ਕੇ ਜਾ ਰਹੇ ਹੈਲੀਕਾਪਟਰ ਦੇ ਹਾਦਸੇ ਵਾਲੀ ਥਾਂ ਦਾ ਪਤਾ ਨਹੀਂ ਲੱਗਿਆ ਹੈ।”

    ਤਿੰਨ ਦੇਸ਼ਾਂ ਦੀਆਂ 100 ਤੋਂ ਵੱਧ ਟੀਮਾਂ ਬਚਾਅ ਕਾਰਜ ਵਿਚ ਲੱਗੀਆਂ ਹੋਈਆਂ ਹਨ। ਰਾਤ ਅਤੇ ਧੁੰਦ ਕਾਰਨ ਬਚਾਅ ਕਾਰਜ ‘ਚ ਮੁਸ਼ਕਲਾਂ ਆ ਰਹੀਆਂ ਹਨ। ਜਿਵੇਂ-ਜਿਵੇਂ ਸਮਾਂ ਅੱਗੇ ਵਧਿਆ ਹੈ, ਈਰਾਨ ਵਿਚ ਵੀ ਰਾਈਸੀ ਨੂੰ ਲੈ ਕੇ ਚਿੰਤਾ ਵਧਦੀ ਜਾ ਰਹੀ ਹੈ। ਈਰਾਨ ਵਿਚ ਰਾਇਸੀ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ ਹੈ। ਕਈ ਸ਼ਹਿਰਾਂ ਦੀਆਂ ਮਸਜਿਦਾਂ ਵਿਚ ਹਜ਼ਾਰਾਂ ਦੀ ਭੀੜ ਹੈ, ਜੋ ਅਪਣੇ ਰਾਸ਼ਟਰਪਤੀ ਲਈ ਨਮਾਜ਼ ਅਦਾ ਕਰ ਰਹੇ ਹਨ।ਸੱਭ ਤੋਂ ਵੱਡੀ ਗੱਲ ਇਹ ਹੈ ਕਿ ਹੈਲੀਕਾਪਟਰ ਕਰੈਸ਼ ਹੋਏ ਕਈ ਘੰਟੇ ਬੀਤ ਚੁੱਕੇ ਹਨ ਪਰ ਬਚਾਅ ਟੀਮ ਵੀ ਹਾਦਸੇ ਵਾਲੀ ਥਾਂ ‘ਤੇ ਨਹੀਂ ਪਹੁੰਚ ਸਕੀ ਹੈ। ਇਹ ਹਾਦਸਾ ਹੈ ਜਾਂ ਕੋਈ ਸਾਜ਼ਿਸ਼ ਇਸ ਬਾਰੇ ਬਹਿਸ ਜਾਰੀ ਹੈ ਪਰ ਅਜੇ ਤਕ ਕੋਈ ਸਾਰਥਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਰਾਏਸੀ ਦੇ ਕਾਫਲੇ ਦਾ ਹੈਲੀਕਾਪਟਰ ਜਿਥੇ ਹਾਦਸਾਗ੍ਰਸਤ ਹੋਇਆ, ਉਸ ਥਾਂ ‘ਤੇ ਅਜੇ ਤਕ ਕੋਈ ਨਹੀਂ ਪਹੁੰਚਿਆ ਹੈ। ਇਸ ਘਟਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ।

    ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਏ ਨੂੰ ਕਰੀਬ 16 ਘੰਟੇ ਹੋ ਗਏ ਹਨ ਪਰ ਅਜੇ ਤਕ ਹਾਦਸੇ ਵਾਲੀ ਥਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਮੀਂਹ ਅਤੇ ਧੁੰਦ ਕਾਰਨ ਬਚਾਅ ਕਾਰਜਾਂ ‘ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਈਰਾਨ ਦੇ ਮੌਸਮ ਵਿਭਾਗ ਨੇ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਇਕ ਘੰਟੇ ਵਿਚ ਮੌਸਮ ਖ਼ਰਾਬ ਹੋ ਜਾਵੇਗਾ। ਮੀਂਹ ਅਤੇ ਹੋਰ ਬਰਫ਼ਬਾਰੀ ਹੋਵੇਗੀ।