ਬਿਹਾਰ ਦੀ ਕਰਕਟ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਭੋਜਪੁਰੀ ਸਟਾਰ ਪਵਨ ਸਿੰਘ ਨੂੰ ਭਾਜਪਾ ਨੇ ਪਾਰਟੀ ਵਿਚੋਂ ਕੱਢ ਦਿਤਾ ਹੈ। ਕਰਕਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਨਡੀਏ ਉਮੀਦਵਾਰ ਰਾਸ਼ਟਰੀ ਲੋਕ ਮੋਰਚਾ (ਆਰਐਲਐਮ) ਦੇ ਪ੍ਰਧਾਨ ਉਪੇਂਦਰ ਕੁਸ਼ਵਾਹਾ ਦੇ ਸਮਰਥਨ ਵਿਚ ਜਨ ਸਭਾ ਤੋਂ ਪਹਿਲਾਂ ਭਾਜਪਾ ਨੇ ਵੱਡੀ ਕਾਰਵਾਈ ਕੀਤੀ ਹੈ। ਇਹ ਕਾਰਵਾਈ ਬਿਹਾਰ ਭਾਜਪਾ ਦੇ ਪ੍ਰਧਾਨ ਸਮਰਾਟ ਚੌਧਰੀ ਦੇ ਨਿਰਦੇਸ਼ਾਂ ‘ਤੇ ਕੀਤੀ ਗਈ ਹੈ।
ਦੱਸ ਦਈਏ ਕਿ ਭਾਜਪਾ ਤੋਂ ਬਗਾਵਤ ਕਰਨ ਤੋਂ ਬਾਅਦ ਪਵਨ ਸਿੰਘ ਨੇ ਕਰਕਟ ਤੋਂ ਆਜ਼ਾਦ ਨਾਮਜ਼ਦਗੀ ਦਾਖਲ ਕੀਤੀ ਸੀ, ਜਿਸ ਕਾਰਨ ਐਨਡੀਏ ਉਮੀਦਵਾਰ ਉਪੇਂਦਰ ਕੁਸ਼ਵਾਹਾ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਲੋਕ ਸਭਾ ਚੋਣਾਂ 2024 ਵਿਚ, ਪਵਨ ਸਿੰਘ ਨੂੰ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਭਾਜਪਾ ਨੇ ਉਮੀਦਵਾਰ ਬਣਾਇਆ ਸੀ ਪਰ ਉਸ ਨੇ ਇਹ ਕਹਿ ਕੇ ਟਿਕਟ ਵਾਪਸ ਕਰ ਦਿਤੀ ਕਿ ਉਹ ਉਥੋਂ ਚੋਣ ਨਹੀਂ ਲੜਨਗੇ। ਮੂਲ ਰੂਪ ਤੋਂ ਭੋਜਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਪਵਨ ਸਿੰਘ ਨੇ ਦੱਖਣੀ ਬਿਹਾਰ ਦੀ ਕਰਕਟ ਲੋਕ ਸਭਾ ਸੀਟ ਤੋਂ ਆਜ਼ਾਦ ਨਾਮਜ਼ਦਗੀ ਦਾਖ਼ਲ ਕੀਤੀ ਹੈ। ਕਰਕਟ ਵਿਚ ਸੱਤਵੇਂ ਪੜਾਅ ਵਿਚ 1 ਜੂਨ ਨੂੰ ਵੋਟਿੰਗ ਹੋਣੀ ਹੈ। ਪਵਨ ਦੇ ਆਉਣ ਨਾਲ ਕਰਕਟ ‘ਚ ਮੁਕਾਬਲਾ ਤਿਕੋਣਾ ਹੋ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ 25 ਮਈ ਨੂੰ ਕਰਕਟ ਵਿਚ ਐਨਡੀਏ ਦੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹ ਆਰਐਲਐਮ ਉਮੀਦਵਾਰ ਉਪੇਂਦਰ ਕੁਸ਼ਵਾਹਾ ਦੇ ਸਮਰਥਨ ਵਿਚ ਵੋਟ ਮੰਗਦੇ ਨਜ਼ਰ ਆਉਣਗੇ। ਪਵਨ ਸਿੰਘ ਦੀ ਨਾਮਜ਼ਦਗੀ ਸਵੀਕਾਰ ਕੀਤੇ ਜਾਣ ਤੋਂ ਬਾਅਦ, ਪੀਐਮ ਮੋਦੀ ਦੇ ਦੌਰੇ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਭਾਜਪਾ ਤੋਂ ਕੱਢਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ।