ਯੂਕੇ ਸਰਕਾਰ ਫਿਲਹਾਲ ਅਪਣੀ ਗ੍ਰੈਜੂਏਟ ਰੂਟ ਸਕੀਮ ਨੂੰ ਜਾਰੀ ਰੱਖੇਗੀ। ਦਰਅਸਲ, ਬ੍ਰਿਟੇਨ ਦੀ ਸਰਕਾਰ ਸਟੂਡੈਂਟ ਵੀਜ਼ਿਆਂ ‘ਤੇ ਸਖਤ ਕਾਰਵਾਈ ਕਰ ਰਹੀ ਹੈ, ਜਿਸ ਕਾਰਨ ਵਿਦਿਆਰਥੀ ਵੀਜ਼ੇ ‘ਤੇ ਬ੍ਰਿਟੇਨ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ‘ਚ ਕਮੀ ਆਈ ਹੈ। ਪਿਛਲੇ ਸਾਲ ਦੇ ਮੁਕਾਬਲੇ ਉੱਚ ਸਿੱਖਿਆ ਲਈ ਬਰਤਾਨੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ 10 ਫ਼ੀ ਸਦੀ ਦੀ ਕਮੀ ਆਈ ਹੈ। ਬਰਤਾਨਵੀ ਸਰਕਾਰ ਨੇ ਇਸ ਦਾ ਸੁਆਗਤ ਕੀਤਾ ਹੈ ਅਤੇ ਸੁਨਕ ਸਰਕਾਰ ਇਸ ਨੂੰ ਇਕ ਪ੍ਰਾਪਤੀ ਵਜੋਂ ਲੋਕਾਂ ਸਾਹਮਣੇ ਪੇਸ਼ ਕਰ ਰਹੀ ਹੈ।

    ਦੱਸ ਦੇਈਏ ਕਿ ਗ੍ਰੈਜੂਏਟ ਰੂਟ ਸਕੀਮ ਬਰਤਾਨੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਵਿਚ ਬਹੁਤ ਮਸ਼ਹੂਰ ਹੈ ਅਤੇ ਹਰ ਸਾਲ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਇਸ ਸਕੀਮ ਤਹਿਤ ਬਰਤਾਨੀਆ ਪਹੁੰਚਦੇ ਹਨ। ਹਾਲ ਹੀ ‘ਚ ਰਿਸ਼ੀ ਸੁਨਕ ਸਰਕਾਰ ਨੇ ਕਿਹਾ ਸੀ ਕਿ ਉਹ ਗ੍ਰੈਜੂਏਟ ਰੂਟ ਸਕੀਮ ਨੂੰ ਖਤਮ ਕਰਨ ‘ਤੇ ਵਿਚਾਰ ਕਰ ਰਹੀ ਹੈ।

    ਹਾਲਾਂਕਿ ਸਰਕਾਰ ਦੇ ਇਸ ਕਦਮ ਦਾ ਖੁਦ ਬਰਤਾਨੀਆ ‘ਚ ਕਾਫੀ ਵਿਰੋਧ ਹੋਇਆ ਸੀ ਅਤੇ ਕਈ ਯੂਨੀਵਰਸਿਟੀਆਂ ਦੇ ਪ੍ਰਬੰਧਕਾਂ ਨੇ ਸਰਕਾਰ ਨੂੰ ਇਸ ਸਕੀਮ ਨੂੰ ਖਤਮ ਨਾ ਕਰਨ ਦੀ ਅਪੀਲ ਕੀਤੀ ਸੀ। ਹੁਣ ਜਦੋਂ ਬਰਤਾਨੀਆ ਵਿਚ ਪੜ੍ਹਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਹੈ ਤਾਂ ਮੰਨਿਆ ਜਾ ਰਿਹਾ ਹੈ ਕਿ ਫਿਲਹਾਲ ਸਰਕਾਰ ਇਸ ਨੂੰ ਜਾਰੀ ਰੱਖੇਗੀ ਅਤੇ ਆਮ ਚੋਣਾਂ ਤੋਂ ਬਾਅਦ ਹੁਣ ਨਵੀਂ ਸਰਕਾਰ ਇਸ ਬਾਰੇ ਫੈਸਲਾ ਕਰੇਗੀ।

    ਰਿਸ਼ੀ ਸੁਨਕ ਸਰਕਾਰ ਬ੍ਰਿਟੇਨ ਆਉਣ ਵਾਲੇ ਪ੍ਰਵਾਸੀਆਂ ਦੇ ਮੁੱਦੇ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਜਦੋਂ ਬਰਤਾਨੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਹੈ ਤਾਂ ਸਰਕਾਰ ਇਸ ਨੂੰ ਆਪਣੀਆਂ ਨੀਤੀਆਂ ਦਾ ਅਸਰ ਦੱਸ ਰਹੀ ਹੈ।

    ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ ‘ਚ ਬ੍ਰਿਟਿਸ਼ ਸਰਕਾਰ ਨੇ ਪ੍ਰਵਾਸੀ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ, ਪਤਨੀਆਂ ਅਤੇ ਬੱਚਿਆਂ ਨੂੰ ਲਿਆਉਣ ‘ਤੇ ਵੀ ਪਾਬੰਦੀ ਲਗਾ ਦਿਤੀ ਹੈ। ਜਿਸ ਕਾਰਨ ਪ੍ਰਵਾਸੀਆਂ ਦੀ ਗਿਣਤੀ ਵਿਚ 25 ਫ਼ੀ ਸਦੀ ਦੀ ਕਮੀ ਆਈ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ‘ਨੀਤੀਆਂ ਕਾਰਨ ਪ੍ਰਵਾਸੀਆਂ ਦੀ ਗਿਣਤੀ ਘੱਟ ਰਹੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਦੁਰਵਰਤੋਂ ਨਾ ਹੋਵੇ। ਅੰਤਰਰਾਸ਼ਟਰੀ ਵਿਦਿਆਰਥੀ ਇਥੇ ਆ ਸਕਦੇ ਹਨ, ਪਰ ਸਿਰਫ ਪੜ੍ਹਾਈ ਕਰਨ ਲਈ, ਕੰਮ ਕਰਨ ਲਈ ਨਹੀਂ’।