ਲੋਕ ਸਭਾ ਚੋਣਾਂ ਦੇ ਸਤਵੇਂ ਅਰਥਾਤ ਅਖ਼ੀਰਲੇ ਪੜਾਅ ਵਿਚ 1 ਜੂਨ ਨੂੰ ਪੰਜਾਬ ਵਿਚ ਹੋਣ ਵਾਲੀ ਪੋਲਿੰਗ ਪ੍ਰਕਿਰਿਆ ਦਾ ਅੱਜ ਸ਼ਾਮ 30 ਮਈ ਸ਼ਾਮ 6:00 ਵਜੇ ਚੋਣ ਪ੍ਰਚਾਰ ਖ਼ਤਮ ਹੋ ਜਾਵੇਗਾ। ਅਖ਼ੀਰਲੇ ਦਿਨ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਦੇ ਕੇਂਦਰੀ ਆਗੂ ਪੰਜਾਬ ਵਿਚ ਵੋਟਾਂ ਬਟੋਰਨ ਲਈ ਅਪਣੀ ਪੂਰੀ ਤਾਕਤ ਲਾ ਦੇਣਗੇ।

    ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਵਿਚ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਚੋਣ ਲੜ ਰਹੇ ਭਾਜਪਾ ਉਮੀਦਵਾਰਾਂ ਲਈ ਵੋਟ ਦੀ ਮੰਗ ਕਰਨਗੇ। ਇਸੇ ਤਰ੍ਹਾਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਮੋਹਾਲੀ ਵਿਚ ਚੋਣ ਰੈਲੀ ਕਰਨਗੇ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਅਪਣੇ 13-0 ਦੇ ਟੀਚੇ ਨੂੰ ਲੈ ਕੇ ਚੋਣ ਪ੍ਰਚਾਰ ਵਿਚ ਅਪਣਾ ਜਲਵਾ ਦਿਖਾਉਣਗੇ। ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੀ ਪੰਜਾਬ ਵਿਚ ‘ਹਾਥ ਬਦਲੇਗਾ ਹਾਲਾਤ’ ਦੇ ਨਾਮ ’ਤੇ ਅਪਣੇ ਉਮੀਦਵਾਰਾਂ ਲਈ ਵੋਟ ਮੰਗਣਗੇ।

    ਭਾਵੇਂ ਕਿਸ ਕਿਸ ਕੇਂਦਰੀ ਆਗੂ ਨੇ ਕਿਹੜੀ ਕਿਹੜੀ ਜਗ੍ਹਾਂ ਹੋਣ ਵਾਲੀ ਆਖ਼ਰੀ ਚੋਣ ਰੈਲੀ ਵਿਚ ਸ਼ਿਰਕਤ ਕਰਨੀ ਹੈ, ਇਸ ਬਾਰੇ ਕਿਸੇ ਵੀ ਪਾਰਟੀ ਦੇ ਸੀਨੀਅਰ ਆਗੂ ਨੇ ਅਧਿਕਾਰਤ ਤੌਰ ’ਤੇ ਐਲਾਨ ਨਹੀਂ ਕੀਤਾ ਪਰ ਆਖ਼ਰੀ ਦਿਨ ਭਾਜਪਾ, ਕਾਂਗਰਸ, ‘ਆਪ’ ਅਤੇ ਅਕਾਲੀ ਦਲ ਦੇ ਆਗੂ ਚੋਣ ਪ੍ਰਚਾਰ ਦੌਰਾਨ ਇਕ ਦੂਜੇ ’ਤੇ ਜੰਮ ਕੇ ਹਮਲਾ ਬੋਲਦਿਆਂ ਸਿਆਸੀ ਦੂਸ਼ਣਬਾਜ਼ੀ ਦਾ ਸਿਖਰ ਕਰ ਦੇਣਗੇ। ਸ਼ਾਮ 6:00 ਵਜਦਿਆਂ ਹੀ ਚੋਣ ਪ੍ਰਚਾਰ ਖ਼ਤਮ ਹੋ ਜਾਵੇਗਾ ਅਤੇ 4 ਜੂਨ ਨੂੰ ਨਤੀਜੇ ਆਉਣ ਤਕ ਹੈਰਾਨੀਜਨਕ ਚੁੱਪ ਪਸਰ ਜਾਵੇਗੀ।ਰਾਜਨੀਤਕ ਮਾਹਰਾਂ ਅਨੁਸਾਰ ਕੇਂਦਰੀ ਆਗੂ ਵੱਖ-ਵੱਖ ਏਜੰਸੀਆਂ ਵਲੋਂ ਕਰਵਾਏ ਗਏ ਸਰਵੇ ਦੀਆਂ ਰਿਪੋਰਟਾਂ ਦੇ ਆਧਾਰ ’ਤੇ ਆਖ਼ਰੀ ਦਿਨ ਉਨ੍ਹਾਂ ਸੀਟਾਂ ਉਪਰ ਹੀ ਚੋਣ ਪ੍ਰਚਾਰ ਕਰਨਗੇ, ਜਿਥੇ ਜਿਥੇ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਜਿੱਤਣ ਦੀ ਪੁਜ਼ੀਸ਼ਨ ਵਿਚ ਹਨ। ਕੇਂਦਰੀ ਆਗੂਆਂ ਦੇ ਨਾਲ-ਨਾਲ ਸੂਬਾਈ ਆਗੂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂ ਆਪੋ ਅਪਣੀ ਪਾਰਟੀ ਦੇ ਉਮੀਦਵਾਰ ਦੀ ਜਿੱਤ  ਯਕੀਨੀ ਬਣਾਉਣ ਲਈ ਅਪਣਾ ਸਾਰਾ ਜ਼ੋਰ ਲਾਉਂਦੇ ਨਜ਼ਰ ਆਉਣਗੇ। ਆਮ ਆਦਮੀ ਪਾਰਟੀ ਦੇਸ਼ ਵਿਚ ਕਾਂਗਰਸ ਨਾਲ ਗਠਜੋੜ ਕਰ ਕੇ 9 ਸੀਟਾਂ ’ਤੇ ਚੋਣ ਲੜ ਰਹੀ ਹੈ, ਜਦਕਿ ਪੰਜਾਬ ਦੀਆਂ 13 ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜਦਿਆਂ ਕਾਂਗਰਸ ਦੇ ਉਮੀਦਵਾਰਾਂ ਨੂੰ ਟੱਕਰ ਦੇ ਰਹੀ ਹੈ ਪੰਜਾਬ ਵਿਚ ‘ਆਪ’ ਅਤੇ ਕਾਂਗਰਸ ਦਾ ਗਠਜੋੜ ਨਾ ਹੋਣ ਕਰ ਕੇ ਲਗਭਗ ਸਾਰੀਆਂ ਅਰਥਾਤ 13 ਸੀਟਾਂ ’ਤੇ ਦੋਹਾਂ ਪਾਰਟੀਆਂ ਦੇ ਉਮੀਦਵਾਰ ਇਕ ਦੂਜੇ ਲਈ ਚੁਨੌਤੀ ਬਣੇ ਹੋਏ ਹਨ। ਦਿੱਲੀ, ਹਰਿਆਣਾ, ਚੰਡੀਗੜ੍ਹ ਅਤੇ ਗੁਜਰਾਤ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਇਕ ਦੂਜੇ ਦੇ ਉਮੀਦਵਾਰਾਂ ਲਈ ਵੋਟ ਮੰਗ ਰਹੇ ਹਨ ਪਰ ਪੰਜਾਬ ਦੇ ਸਿਆਸੀ ਅਖਾੜੇ ਵਿਚ ਤਸਵੀਰ ਬਿਲਕੁਲ ਵਖਰੀ ਅਰਥਾਤ ਵਿਲੱਖਣ ਹੈ।

    ਚੋਣ ਪ੍ਰਚਾਰ ਦੀ ਸਮਾਪਤੀ ਤੋਂ ਬਾਅਦ 31 ਮਈ ਨੂੰ ਵੱਖ-ਵੱਖ ਪਾਰਟੀਆਂ ਦੇ ਆਗੂ ਘਰ-ਘਰ ਜਾ ਕੇ ਬਿਨਾਂ ਕਿਸੇ ਸ਼ੋਰ ਸ਼ਰਾਬੇ ਦੇ ਵੋਟ ਮੰਗ ਸਕਣਗੇ, ਇਸ ਦੌਰਾਨ ਕੋਈ ਵੀ ਉਮੀਦਵਾਰ ਜਾਂ ਉਸ ਦਾ ਸਮਰਥਕ ਨਾ ਤਾਂ ਰੈਲੀ ਕਰ ਸਕੇਗਾ ਤੇ ਨਾ ਹੀ ਪਾਰਟੀ ਦਾ ਝੰਡਾ, ਪੈਂਫਲੈਂਟ ਜਾਂ ਬੈਨਰ ਲੈ ਕੇ ਵੋਟ ਮੰਗ ਸਕੇਗਾ। ਸਤਵੇਂ ਪੜਾਅ ਦੇ ਪ੍ਰਚਾਰ ਦੇ ਅਖ਼ੀਰਲੇ ਦਿਨ ਪੰਜਾਬ ਵਿਚ ਚੋਣ ਦ੍ਰਿਸ਼ ਦਿਲਚਸਪ, ਰੋਚਕ ਅਤੇ ਹੈਰਾਨੀਜਨਕ ਹੋਵੇਗਾ।