ਅਮਰੀਕਾ ‘ਚ ਭਾਰਤੀ ਵਿਦਿਆਰਥੀਆਂ ਦਾ ਲਾਪਤਾ ਹੋਣਾ ਜਾਂ ਉਨ੍ਹਾਂ ‘ਤੇ ਹਮਲਾ ਹੋਣਾ ਆਮ ਗੱਲ ਹੋ ਗਈ ਹੈ। ਇੱਥੇ ਭਾਰਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਕੈਲੀਫੋਰਨੀਆ ਵਿਚ ਇਕ 23 ਸਾਲਾ ਭਾਰਤੀ ਵਿਦਿਆਰਥਣ ਲਾਪਤਾ ਹੋ ਗਈ ਹੈ। ਪਿਛਲੇ ਹਫ਼ਤੇ ਤੋਂ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪੁਲਿਸ ਨੇ ਉਸ ਨੂੰ ਲੱਭਣ ਲਈ ਲੋਕਾਂ ਦੀ ਮਦਦ ਮੰਗੀ ਹੈ।

    ਪੁਲਿਸ ਮੁਤਾਬਕ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸੈਨ ਬਰਨਾਰਡੀਨੋ (ਸੀਐਸਯੂਐਸਬੀ) ਦੀ ਵਿਦਿਆਰਥਣ ਨਿਤੀਸ਼ਾ ਕੰਦੂਲਾ 28 ਮਈ ਤੋਂ ਲਾਪਤਾ ਹੈ। ਉਸ ਨੂੰ ਆਖਰੀ ਵਾਰ ਲਾਸ ਏਂਜਲਸ ਵਿਚ ਦੇਖਿਆ ਗਿਆ ਸੀ ਅਤੇ 30 ਮਈ ਨੂੰ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ ਸੀ।  ਪੁਲਿਸ ਨੇ ਵਿਦਿਆਰਥਣ ਦੀ ਭਾਲ ਲਈ ਇੱਕ ਨੰਬਰ (909) 537-5165 ਵੀ ਜਾਰੀ ਕੀਤਾ ਹੈ। ਅਧਿਕਾਰੀ ਨੇ ਕਿਹਾ ਕਿ ਜੇਕਰ ਕਿਸੇ ਨੂੰ ਨਿਤੀਸ਼ਾ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਇਸ ਨੰਬਰ ‘ਤੇ ਕਾਲ ਕਰਕੇ ਸੂਚਨਾ ਦਿੱਤੀ ਜਾਵੇ। ਵਿਦਿਆਰਥਣ ਦਾ ਕੱਦ ਪੰਜ ਫੁੱਟ ਛੇ ਇੰਚ ਹੈ ਅਤੇ ਅੱਖਾਂ ਕਾਲੀਆਂ ਹਨ।

    ਪੁਲਿਸ ਦੇ ਬਿਆਨ ਅਨੁਸਾਰ ਕੰਦੂਲਾ ਸ਼ਾਇਦ ਕੈਲੀਫੋਰਨੀਆ ਦੇ ਲਾਇਸੈਂਸ ਨਾਲ 2021 ਟੋਇਟਾ ਕੋਰੋਲਾ ਚਲਾ ਰਹੀ ਸੀ। ਹਾਲਾਂਕਿ, ਕਾਰ ਦਾ ਰੰਗ ਪਤਾ ਨਹੀਂ ਹੈ। ਵਿਦਿਆਰਥਣ ਦੇ ਠਿਕਾਣੇ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ (909) 538-7777 ‘ਤੇ CSUSB ਪੁਲਿਸ ਵਿਭਾਗ ਨਾਲ ਜਾਂ LAPD ਦੇ ਦੱਖਣੀ ਪੱਛਮੀ ਡਵੀਜ਼ਨ ਨਾਲ (213) 485-2582 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਜਾਂਦੀ ਹੈ।

    ਇਸ ਸਾਲ ਯਾਨੀ 2024 ਵਿਚ ਅਮਰੀਕਾ ਵਿਚ ਸੱਤ ਭਾਰਤੀ ਅਤੇ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ। ਭਾਰਤੀ ਵਿਦਿਆਰਥੀਆਂ ‘ਤੇ ਲਗਾਤਾਰ ਹਮਲਿਆਂ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਜਿਸ ਕਾਰਨ ਉਥੇ ਰਹਿੰਦੇ ਭਾਰਤੀ ਭਾਈਚਾਰੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।