ਪੰਜਾਬ ਵਿਚ ਮੁੜ ਤੋਂ ਭਿਆਨਕ ਗਰਮੀ ਸ਼ੁਰੂ ਹੋ ਗਈ ਹੈ। ਇਸ ਵਾਰ ਪੱਛਮੀ ਰੇਗਿਸਤਾਨ ਦੀਆਂ ਗਰਮ ਹਵਾਵਾਂ ਸਖ਼ਤ ਗਰਮੀ ਦਾ ਕਾਰਨ ਬਣਨ ਜਾ ਰਹੀਆਂ ਹਨ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਗਰਮੀ ਦਾ ਕਹਿਰ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸ ਕਾਰਨ ਸੂਬੇ ਵਿੱਚ 14 ਜੂਨ ਤੱਕ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਦੂਜੇ ਪਾਸੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਨਾਲ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ। ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ ਵਿੱਚ ਘਟਦਾ ਨਜ਼ਰ ਆ ਰਿਹਾ ਹੈ। ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਇਕ ਵਾਰ ਫਿਰ ਤਾਪਮਾਨ ਵਧਣ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ 12 ਜੂਨ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਇਹ ਗਰਮੀ ਫਿਰ ਜ਼ੋਰ ਫੜ ਲਵੇਗੀ। ਅੱਜ ਮਾਲਵੇ ਦੇ 6 ਜ਼ਿਲ੍ਹਿਆਂ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਮੋਗਾ ਅਤੇ ਬਠਿੰਡਾ ‘ਚ ਮੀਂਹ ਅਤੇ ਹਨੇਰੀ ਦੀ ਸੰਭਾਵਨਾ ਹੈ। ਪੰਜਾਬ ਦੇ ਉਪਰੋਕਤ 6 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਸ਼ਹਿਰ ਦੇ ਲੋਕਾਂ ਨੂੰ ਕੁਝ ਦਿਨ ਹੋਰ ਗਰਮੀ ਝੱਲਣੀ ਪਵੇਗੀ। ਹਾਲਾਂਕਿ, ਪਿਛਲੇ ਇੱਕ ਹਫ਼ਤੇ ਤੋਂ ਤੂਫ਼ਾਨ ਅਤੇ ਹਲਕੀ ਬਾਰਿਸ਼ ਤੋਂ ਬਾਅਦ ਸ਼ਹਿਰ ਦੇ ਤਾਪਮਾਨ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਹੁਣ ਮੁੜ ਤਾਪਮਾਨ ਵਧਣ ਕਾਰਨ ਸ਼ਹਿਰ ਦੇ ਕੁਝ ਇਲਾਕਿਆਂ ‘ਚ ਗਰਮ ਹਵਾਵਾਂ ਚੱਲ ਸਕਦੀਆਂ ਹਨ। ਆਉਣ ਵਾਲੇ ਦਿਨਾਂ ‘ਚ ਤਾਪਮਾਨ 44 ਡਿਗਰੀ ਤੱਕ ਜਾ ਸਕਦਾ ਹੈ। ਵਿਭਾਗ ਨੇ ਅਲਰਟ ਕੀਤਾ ਹੈ ਕਿ ਕੁਝ ਥਾਵਾਂ ‘ਤੇ ਗਰਮ ਹਵਾਵਾਂ ਵੀ ਚੱਲਣਗੀਆਂ।

    ਸੂਬੇ ਵਿੱਚ ਮਾਨਸੂਨ 28 ਜੂਨ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਸੂਬੇ ਵਿੱਚ ਕਿਸੇ ਵੀ ਸਮੇਂ ਪਹੁੰਚ ਸਕਦਾ ਹੈ। ਇਸ ਤੋਂ ਪਹਿਲਾਂ ਪ੍ਰੀ-ਮਾਨਸੂਨ ਦੀ ਬਾਰਿਸ਼ ਹੋਵੇਗੀ। ਉਨ੍ਹਾਂ ਸੰਭਾਵਨਾ ਪ੍ਰਗਟਾਈ ਕਿ 20 ਜੂਨ ਦੇ ਆਸਪਾਸ ਮੌਸਮ ਵਿੱਚ ਭਾਰੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ।ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇੱਕ ਹਫ਼ਤੇ ਬਾਅਦ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀ ਡਾ: ਚੰਦਰ ਮੋਹਨ ਨੇ ਦੱਸਿਆ ਕਿ 14 ਜੂਨ ਨੂੰ ਇੱਕ ਕਮਜ਼ੋਰ ਪੱਛਮੀ ਗੜਬੜੀ ਸਰਗਰਮ ਰਹੇਗੀ, ਜਿਸ ਕਾਰਨ 15 ਤੋਂ 18 ਜੂਨ ਦੌਰਾਨ ਤੇਜ਼ ਹਵਾਵਾਂ ਚੱਲਣ ਅਤੇ ਤੂਫ਼ਾਨ ਆਉਣ ਦੀ ਸੰਭਾਵਨਾ ਹੈ। ਜਿਸ ਕਾਰਨ ਤਾਪਮਾਨ ਵਿੱਚ ਫਿਰ ਗਿਰਾਵਟ ਆਵੇਗੀ ਅਤੇ ਗਰਮੀ ਤੋਂ ਰਾਹਤ ਮਿਲੇਗੀ।