ਫਗਵਾੜਾ(ਨਰੇਸ਼ ਪੱਸੀ):-  ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲ ਰਹੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ 22488 ‘ਤੇ ਫਗਵਾੜਾ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾਅ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨਸਾਰ ਟਰੇਨ ਦੇ ਸੀ-3 ਕੋਚ ‘ਤੇ ਪਥਰਾਅ ਕੀਤਾ ਗਿਆ ਹੈ, ਜਿਸ ‘ਚ 2 ਖਿੜਕੀਆਂ ਦੇ ਸ਼ੀਸ਼ੇ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਹਨ।
ਇਸ ਘਟਨਾ ਤੋਂ ਬਾਅਦ ਵੰਦੇ ਭਾਰਤ ਟਰੇਨ ‘ਚ ਸਫ਼ਰ ਕਰ ਰਹੇ ਰੇਲਵੇ ਯਾਤਰੀਆਂ ‘ਚ ਡਰ ਅਤੇ ਸਹਿਮ ਦਾ ਮਾਹੌਲ ਹੈ। ਰੇਲਗੱਡੀ ਦੇ ਸੀ 3 ਕੋਚ ਵਿਚ ਸਫ਼ਰ ਕਰ ਰਹੇ ਗੁਰੂਗ੍ਰਾਮ ਦੇ ਵਸਨੀਕ ਪੂਨਮ ਕਾਲੜਾ ਅਤੇ ਡਾਲੀ ਠੁਕਰਾਲ ਨੇ ਦੱਸਿਆ ਕਿ ਜਿਵੇਂ ਹੀ ਉਹ ਫਗਵਾੜਾ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਟਰੇਨ ਐਕਸਪ੍ਰੈਸ ’ਚ ਸਵਾਰ ਹੋਏ ਤਾਂ ਉਨ੍ਹਾਂ ਨੇ ਆਪਣੀ ਸੀਟ ਨੇੜੇ ਇਕ ਜ਼ੋਰਦਾਰ ਆਵਾਜ਼ ਸੁਣੀ। ਉਸ ਨੇ ਦੱਸਿਆ ਕਿ ਕੁਝ ਸਮੇਂ ਲਈ ਤਾਂ ਕਿਸੇ ਨੂੰ ਕੁਝ ਪਤਾ ਨਹੀਂ ਚਲ ਸਕਿਆ ਪਰ ਬਾਅਦ ‘ਚ ਜਦੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਵੰਦੇ ਭਾਰਤ ਐਕਸਪ੍ਰੈਸ ਟਰੇਨ ਦੇ ਸੀ 3 ਕੋਚ ‘ਤੇ ਬਾਹਰੋਂ ਆਏ ਅਣਪਛਾਤੇ ਵਿਅਕਤੀਆਂ ਵੱਲੋਂ ਪਥਰਾਅ ਕੀਤਾ ਗਿਆ ਸੀ।

    ਇਸ ਘਟਨਾ ਤੋਂ ਬਾਅਦ ਕੁਝ ਯਾਤਰੀਆਂ ਦਾ ਕਹਿਣਾ ਹੈ ਕਿ ਇਹ ਪੱਥਰ ਬਾਹਰੋਂ ਆਏ ਬੱਚਿਆਂ ਨੇ ਸੁੱਟੇ ਹਨ? ਜਦਕਿ ਕੁਝ ਦਾ ਕਹਿਣਾ ਹੈ ਕਿ ਇਹ ਪੱਥਰਬਾਜ਼ੀ ਸ਼ਰਾਰਤ ਨਾਲ ਕੀਤੀ ਗਈ ਹੈ। ਦੂਜੇ ਪਾਸੇ ਵੰਦੇ ਭਾਰਤ ਟਰੇਨ ‘ਤੇ ਪਥਰਾਅ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਵਿਭਾਗ ਦੇ ਕਰਮਚਾਰੀ ਅਤੇ ਹੋਰ ਅਧਿਕਾਰੀ ਟਰੇਨ ਦੇ ਸੀ 3 ਕੋਚ ‘ਤੇ ਪੁੱਜੇ ਅਤੇ ਸਾਰੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਅਹਿਮ ਪਹਿਲੂ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਫਗਵਾੜਾ ਗੋਰਾਇਆ ਰੇਲਵੇ ਟ੍ਰੈਕ ‘ਤੇ ਕਿਸੇ ਵੀ ਰੇਲ ਗੱਡੀ ‘ਤੇ ਪਥਰਾਅ ਦੀ ਅਜਿਹੀ ਘਟਨਾ ਵੇਖਣ ਨੂੰ ਨਹੀਂ ਮਿਲੀ ਪਰ ਜਿਸ ਤਰ੍ਹਾਂ ਅੱਜ ਫਗਵਾੜਾ ਗੋਰਿਆਣਾ ਰੇਲਵੇ ਟ੍ਰੈਕ ‘ਤੇ ਅੰਮ੍ਰਿਤਸਰ-ਦਿੱਲੀ ਵਿਚਾਲੇ ਚੱਲਦੀ ਵੰਦੇ ਭਾਰਤ ਐਕਸਪ੍ਰੈਸ ਟਰੇਨ ‘ਤੇ ਪਥਰਾਅ ਕੀਤਾ ਗਿਆ, ਉਸ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਖ਼ਬਰ ਲਿਖੇ ਜਾਣ ਤੱਕ ਇਹ ਵੱਡੀ ਬੁਝਾਰਤ ਬਣੀ ਹੋਈ ਹੈ ਕਿ ਆਖਿਰ ਵੰਦੇ ਭਾਰਤ ਟਰੇਨ ‘ਤੇ ਇਹ ਪੱਥਰਬਾਜ਼ੀ ਕਿਸ ਨੇ ਅਤੇ ਕਿਉਂ ਕੀਤੀ ਹੈ?