ਦੇਸ਼ ਵਿੱਚ ਮੌਨਸੂਨ ਦੀ ਬਾਰਸ਼ ਦੇ ਵਿਚਕਾਰ ਅਸਾਮ ਵਿਚ ਹੜ੍ਹ ਦੀ ਸਥਿਤੀ ਗੰਭੀਰ ਬਣ ਗਈ ਹੈ। ਸਥਿਤੀ ਇਹ ਹੈ ਕਿ ਸੂਬੇ ਵਿਚ ਹੜ੍ਹਾਂ ਦਾ ਗੰਭੀਰ ਸੰਕਟ ਜਾਰੀ ਹੈ। ਇਸ ਦੇ ਨਾਲ ਹੀ ਬ੍ਰਹਮਪੁੱਤਰ ਅਤੇ ਇਸ ਦੀਆਂ ਸਹਾਇਕ ਨਦੀਆਂ ਸਮੇਤ ਸਾਰੀਆਂ ਵੱਡੀਆਂ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।

    ਜਿਸ ਕਾਰਨ ਅਸਾਮ ਵਿਚ ਹੜ੍ਹ ਕਾਰਨ ਹੁਣ ਤੱਕ 46 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ‘ਚ ਬੁੱਧਵਾਰ ਨੂੰ ਹੜ੍ਹ ਦੇ ਪਾਣੀ ‘ਚ ਡੁੱਬਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐਸਡੀਐਮਏ) ਦੀ ਹੜ੍ਹ ਰਿਪੋਰਟ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ,ਜਿਸ ਵਿੱਚ ਸੋਨਿਤਪੁਰ ਜ਼ਿਲ੍ਹੇ ਵਿੱਚ 2, ਮੋਰੀਗਾਂਵ, ਡਿਬਰੂਗੜ੍ਹ, ਦਾਰੰਗ, ਗੋਲਾਘਾਟ, ਵਿਸ਼ਵਨਾਥ ਅਤੇ ਤਿਨਸੁਕੀਆ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਸ਼ਾਮਲ ਹੈ। ਇਸ ਤਰ੍ਹਾਂ ਮਰਨ ਵਾਲਿਆਂ ਦੀ ਕੁੱਲ ਗਿਣਤੀ 46 ਹੋ ਗਈ ਹੈ, ਜਦਕਿ 3 ਹੋਰ ਲਾਪਤਾ ਹਨ। ਸੂਬੇ ਵਿਚ ਹੜ੍ਹਾਂ ਦੀ ਸਮੁੱਚੀ ਸਥਿਤੀ ਅਜੇ ਵੀ ਨਾਜ਼ੁਕ ਬਣੀ ਹੋਈ ਹੈ, ਕਿਉਂਕਿ 29 ਜ਼ਿਲ੍ਹਿਆਂ ਵਿੱਚ 16.25 ਲੱਖ ਤੋਂ ਵੱਧ ਲੋਕ ਹੜ੍ਹਾਂ ਦੀ ਦੂਜੀ ਲਹਿਰ ਨਾਲ ਪ੍ਰਭਾਵਿਤ ਹੋਏ ਹਨ।