ਦੇਸ਼ ਵਿਚ ਭਾਰੀ ਬਾਰਸ਼ ਜਾਰੀ ਹੈ। ਮੌਸਮ ਵਿਭਾਗ ਨੇ ਅੱਜ 11 ਰਾਜਾਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਐਤਵਾਰ ਰਾਤ 1 ਵਜੇ ਤੋਂ ਸੋਮਵਾਰ ਸਵੇਰੇ 7 ਵਜੇ ਤੱਕ ਛੇ ਘੰਟਿਆਂ ਵਿਚ ਮੁੰਬਈ ਵਿਚ 300 ਮਿਲੀਮੀਟਰ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਇਸ ਕਾਰਨ ਕੁਝ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ।

    ਰੇਲਵੇ ਨੇ ਦੱਸਿਆ ਕਿ ਪਟੜੀਆਂ ‘ਤੇ ਪਾਣੀ ਭਰ ਜਾਣ ਕਾਰਨ ਮੁੰਬਈ ਡਿਵੀਜ਼ਨ ਦੀਆਂ 5 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕੁਝ ਲੋਕਲ ਟਰੇਨਾਂ ਵੀ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਮੁੰਬਈ ਵਿੱਚ ਬੀਐਮਸੀ ਨੇ ਅੱਜ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।ਦੂਜੇ ਪਾਸੇ ਉੱਤਰਾਖੰਡ ਵਿਚ ਪਿਛਲੇ 4 ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਕੇਦਾਰਨਾਥ ਅਤੇ ਬਦਰੀਨਾਥ ਹਾਈਵੇਅ ਸਮੇਤ 115 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਕਈ ਸੜਕਾਂ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਈਆਂ । ਇਸ ਤੋਂ ਬਾਅਦ ਚਾਰਧਾਮ ਯਾਤਰਾ ਨੂੰ ਰੋਕ ਦਿੱਤਾ ਗਿਆ। ਇਸ ਕਾਰਨ 6 ਹਜ਼ਾਰ ਸ਼ਰਧਾਲੂ ਵੱਖ-ਵੱਖ ਥਾਵਾਂ ‘ਤੇ ਫਸੇ ਹੋਏ ਹਨ। ਗੰਗਾ, ਅਲਕਨੰਦਾ, ਭਾਗੀਰਥੀ ਸਮੇਤ ਕਈ ਨਦੀਆਂ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀਆਂ ਹਨ।ਮੌਸਮ ਵਿਭਾਗ ਦੇ ਅਨੁਸਾਰ, ਉੱਤਰਾਖੰਡ ਵਿੱਚ 1 ਜੂਨ ਤੋਂ ਹੁਣ ਤੱਕ 276.8 ਮਿਲੀਮੀਟਰ ਬਾਰਿਸ਼ ਹੋਈ ਹੈ, ਜਦੋਂ ਕਿ ਆਮ ਕੋਟਾ 259 ਮਿਲੀਮੀਟਰ ਹੈ। ਪੂਰੇ ਮਾਨਸੂਨ ਸੀਜ਼ਨ ਦੌਰਾਨ ਉੱਤਰਾਖੰਡ ਵਿੱਚ 1162.2 ਮਿਲੀਮੀਟਰ ਦੀ ਔਸਤ ਬਾਰਿਸ਼ ਨੂੰ ਆਮ ਮਾਨਸੂਨ ਮੰਨਿਆ ਜਾਂਦਾ ਹੈ।