ਅਮਰੀਕੀ ਸੂਬੇ ਮੌਂਟੈਨਾ ’ਚ ਸਥਿਤ ਗਲੇਸ਼ੀਅਰ ਨੈਸ਼ਨਲ ਪਾਰਕ ਦੀ ਝੀਲ ’ਚ ਡੁੱਬਣ ਕਾਰਣ ਇਕ ਭਾਰਤੀ ਸਮੇਤ ਦੋ ਸੈਲਾਨੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਲੇਸ਼ੀਅਰ ਦੀ ਬਰਫ਼ ਵਧੇਰੇ ਪਿਘਲ ਰਹੀ ਹੈ, ਜਿਸ ਕਾਰਣ ਝੀਲ ’ਚ ਪਾਣੀ ਦਾ ਪੱਧਰ ਕਾਫ਼ੀ ਜ਼ਿਆਦਾ ਵਧਿਆ ਹੋਇਆ ਹੈ।

    ਭਾਰਤੀ ਮੂਲ ਦਾ 26 ਸਾਲਾ ਸੈਲਾਨੀ ਸਨਿਚਰਵਾਰ ਨੂੰ ਝੀਲ ਦੇ ਐਨ ਕੰਢੇ ’ਤੇ ਮੌਜੂਦ ਗਲੇਸ਼ੀਅਰ ’ਤੇ ਚੜ੍ਹ ਰਿਹਾ ਸੀ ਕਿ ਇਕ ਚਟਾਨ ਤੋਂ ਉਸ ਦਾ ਪੈਰ ਤਿਲਕ ਗਿਆ ਤੇ ਉਹ ਸਿਧਾ ਝੀਲ ’ਚ ਜਾ ਡਿੱਗਾ। ਇਹ ਘਟਨਾ ਐਵਾਲਾਂਸ਼ ਕ੍ਰੀਕ ਨੇੜੇ ਵਾਪਰੀ। ਚਸ਼ਮਦੀਦ ਗਵਾਹਾਂ ਅਨੁਸਾਰ ਪਹਾੜੀ ਤੋਂ ਤਿਲਕ ਕੇ ਸੈਲਾਨੀ ਤੁਰਤ ਝੀਲ ’ਚ ਡੁੱਬ ਗਿਆ। ਸ਼ਾਮ ਨੂੰ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਸੀ, ਜਿਸ ਕਾਰਣ ਵੀ ਬਚਾਅ ਤੇ ਰਾਹਤ ਕਾਰਜਾਂ ’ਚ ਵਿਘਨ ਪਿਆ। ਬਾਅਦ ’ਚ ਉਸ ਦੀ ਲਾਸ਼ ਅਗਲੀ ਸਵੇਰ ਨੂੰ ਸਾਢੇ ਅੱਠ ਵਜੇ ਇਕ ਤੰਗ ਜਿਹੀ ਖੱਡ ਨੇੜਿਓਂ ਮਿਲੀ। ਭਾਰਤੀ ਮੂਲ ਦਾ ਇਹ ਸੈਲਾਨੀ ਕੈਲੀਫ਼ੋਰਨੀਆ ’ਚ ਕੰਮ ਕਰਦਾ ਸੀ।ਇਸ ਤੋਂ ਪਹਿਲਾਂ ਪਾਰਕ ਦੇ 10 ਤੋਂ ਵਧ ਰੇਂਜਰਾਂ ਨੇ ਵੱਖਰੇ ਤੌਰ ’ਤੇ ਅਤੇ ਹੈਲੀਕਾਪਟਰ ਰਾਹੀਂ ਵੱਖਰੇ ਅਮਲੇ ਨੇ ਉਸ ਦੀ ਬਹੁਤ ਭਾਲ ਕੀਤੀ ਪਰ ਕੋਈ ਸਫ਼ਲਤਾ ਹੱਥ ਨਾ ਲੱਗੀ।ਇਕ ਵੱਖਰੀ ਘਟਨਾ ’ਚ ਨੇਪਾਲ ਦੇ 28 ਸਾਲਾ ਇਕ ਹੋਰ ਸੈਲਾਨੀ ਦੀ ਸਪ੍ਰੇਗ ਕ੍ਰੀਕ ਕੈਂਪ-ਗ੍ਰਾਊਂਡ ਨੇੜੇ ਮੈਕਡੋਨਾਲਡ ਝੀਲ ’ਚ ਡੁੱਬਣ ਕਾਰਣ ਮੌਤ ਹੋ ਗਈ। ਉਹ ਅਮਰੀਕੀ ਸੂਬੇ ਓਰੇਗੌਨ ਦੇ ਪੋਰਟਲੈਂਡ ’ਚ ਕੰਮ ਕਰਦਾ ਸੀ। ਉਸ ਨਾਲ ਕੰਮ ਕਰਦੇ ਸਾਥੀਆਂ ਨੇ ਦਸਿਆ ਕਿ ਉਸ ਨੂੰ ਚੰਗੀ ਤਰ੍ਹਾਂ ਤੈਰਨਾ ਨਹੀਂ ਆਉਂਦਾ ਸੀ।