ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਹਲਕਾ ਰਾਏਕੋਟ ਦੇ ਪਿੰਡ ਲੋਹਟਬੱਦੀ ਦੇ ਵਸਨੀਕ ਗਰੀਬ ਤੇ ਦਲਿਤ ਪਰਿਵਾਰ ਦੇ ਇੱਕ ਨੌਜਵਾਨ ਮਨਜੋਤ ਸਿੰਘ ਦਾ ਦੁਬਈ ਵਿਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਮ੍ਰਿਤਕ ਸਾਲ ਪਹਿਲਾਂ ਹੀ ਰੁਜ਼ਗਾਰ ਤੇ ਉਜਵਲ ਭਵਿੱਖ ਲਈ ਦੁਬਈ ਗਿਆ ਸੀ। ਮਨਜੋਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਨੂੰ ਪਰਿਵਾਰ ਨੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ। ਮਨਜੋਤ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸ ਮੌਕੇ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਮਨਜੋਤ ਸਿੰਘ ਦੇ ਪਿਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਆਰਥਿਕ ਤੰਗੀ ਦੇ ਚੱਲਦੇ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਆਪਣੇ ਇਕਲੌਤੇ ਪੁੱਤਰ ਨੂੰ ਇੱਕ ਸਾਲ ਪਹਿਲਾਂ ਦੁਬਈ ਭੇਜਿਆ ਸੀ ਪਰ ਉਥੇ ਬੀਤੇ ਦਿਨੀਂ ਹੀ ਉਸ ਦੇ ਨਾਲ ਰਹਿੰਦੇ ਇੱਕ ਲੜਕੇ ਦਾ ਪਾਕਿਸਤਾਨੀ ਲੜਕਿਆਂ ਨਾਲ ਝਗੜਾ ਹੋ ਜਾਂਦਾ ਹੈ। ਜਿਸ ਦੌਰਾਨ ਮਨੋਜਤ ਅਤੇ ਉਸ ਦੇ ਸਾਥੀ ‘ਤੇ ਉਕਤ ਪਾਕਿਸਤਾਨੀ ਲੜਕੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਏ ਮਨਜੋਤ ਦੀ ਮੌਤ ਹੋ ਗਈ।ਇਸ ਸਬੰਧੀ ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਇਸ ਸਬੰਧੀ ਡਾ. ਅਮਰ ਸਿੰਘ ਮੈਂਬਰ ਪਾਰਲੀਮੈਂਟ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਨ੍ਹਾਂ ਇਹ ਮਾਮਲਾ ਕੇਂਦਰ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਦੁਬਾਈ ਰਾਜਦੂਤ ਦੇ ਧਿਆਨ ਵਿਚ ਲਿਆਂਦਾ ਹੈ। ਪੀੜਤ ਪਰਿਵਾਰ ਨੇ ਕੇਂਦਰ, ਪੰਜਾਬ ਤੇ ਦਬਈ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲੜਕੇ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ ਤਾਂ ਜੋ ਮਾਪੇ ਉਸ ਦਾ ਅੰਤਿਮ ਸਸਕਾਰ ਕਰ ਸਕਣ। ਉਥੇ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਮ੍ਰਿਤਕ ਗਰੀਬ ਪਰਿਵਾਰ ਤੋਂ ਸੰਬੰਧਿਤ ਸੀ ਤਾਂ ਜੋ ਸਰਕਾਰ ਤੇ ਪ੍ਰਸ਼ਾਸਨ ਇਸ ਪਰਿਵਾਰ ਦੀ ਮਦਦ ਕਰੇ।