ਨਵੀਂ ਦਿੱਲੀ : ਸ਼ੁਭਮਨ ਗਿੱਲ ਨੇ ਭਾਰਤੀ ਟੀਮ ਦੀ ਕਪਤਾਨੀ ਕਰਦਿਆਂ ਆਪਣੀ ਪਹਿਲੀ ਸੀਰੀਜ਼ (India vs Zimbabwe) ਵਿਚ ਅਨੋਖਾ ਰਿਕਾਰਡ ਬਣਾਇਆ ਹੈ। ਗਿੱਲ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਜ਼ਿੰਬਾਬਵੇ ਖਿਲਾਫ ਖੇਡੀ ਗਈ ਪੰਜ ਮੈਚਾਂ ਦੀ ਟੀ-20 ਸੀਰੀਜ਼ 4-1 ਨਾਲ ਜਿੱਤ ਲਈ।
ਸ਼ੁਭਮਨ ਗਿੱਲ ਵਿਦੇਸ਼ ਵਿਚ ਖੇਡੀ ਗਈ ਇਸ ਲੜੀ ਵਿਚ ਚਾਰ ਟੀ-20 ਮੈਚ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਅੱਜ ਤੱਕ ਉਸ ਤੋਂ ਪਹਿਲਾਂ ਕੋਈ ਵੀ ਭਾਰਤੀ ਕਪਤਾਨ ਵਿਦੇਸ਼ ਜਾ ਕੇ ਇਕ ਲੜੀ ਵਿਚ ਚਾਰ ਟੀ-20 ਮੈਚ ਨਹੀਂ ਜਿੱਤ ਸਕਿਆ। ਅਜਿਹੇ ਵਿਚ ਗਿੱਲ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ, ਜੋ ਅੱਜ ਤਕ ਕੋਈ ਨਹੀਂ ਕਰ ਸਕਿਆ।
ਸ਼ੁਭਮਨ ਗਿੱਲ ਨੇ ਜ਼ਿੰਬਾਬਵੇ ਖਿਲਾਫ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ
ਦਰਅਸਲ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਪੰਜਵਾਂ ਟੀ-20 ਮੈਚ 14 ਜੁਲਾਈ ਨੂੰ ਹਰਾਰੇ ਸਪੋਰਟਸ ਕਲੱਬ ‘ਚ ਖੇਡਿਆ ਗਿਆ ਸੀ, ਜਿਸ ‘ਚ ਟੀਮ ਇੰਡੀਆ ਨੇ 42 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਮੈਚ ‘ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 167 ਦੌੜਾਂ ਬਣਾਈਆਂ। ਟੀਮ ਇੰਡੀਆ ਲਈ ਸੰਜੂ ਸੈਮਸਨ (58) ਅਤੇ ਸ਼ਿਵਮ ਦੂਬੇ ਨੇ 26 ਦੌੜਾਂ ਬਣਾਈਆਂ। ਉਥੇ ਹੀ 168 ਦੌੜਾਂ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਦੀ ਟੀਮ 125 ਦੌੜਾਂ ‘ਤੇ ਹੀ ਢੇਰ ਹੋ ਗਈ। ਭਾਰਤ ਲਈ ਮੁਕੇਸ਼ ਕੁਮਾਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 4 ਵਿਕਟਾਂ ਲਈਆਂ। ਉਸ ਤੋਂ ਇਲਾਵਾ ਸ਼ਿਵਮ ਦੂਬੇ ਨੇ 2 ਵਿਕਟਾਂ ਲਈਆਂ।
ਇਸ ਤਰ੍ਹਾਂ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ 4-1 ਨਾਲ ਜਿੱਤ ਲਈ। ਗਿੱਲ ਟੀ-20 ਇੰਟਰਨੈਸ਼ਨਲ ਵਿੱਚ ਭਾਰਤ ਦੀ ਕਪਤਾਨੀ ਕਰਨ ਵਾਲਾ 14ਵਾਂ ਖਿਡਾਰੀ ਬਣ ਗਿਆ, ਜਿਸ ਨੇ ਟੀਮ ਨੂੰ ਚਾਰ ਮੈਚਾਂ ਵਿੱਚ ਜਿੱਤ ਦਿਵਾਈ। ਰੋਹਿਤ ਸ਼ਰਮਾ (50), ਐਮਐਸ ਧੋਨੀ (42), ਵਿਰਾਟ ਕੋਹਲੀ (32), ਹਾਰਦਿਕ ਪਾਂਡਿਆ (10) ਅਤੇ ਸੂਰਿਆਕੁਮਾਰ ਯਾਦਵ (5) ਨੇ ਭਾਰਤ ਦੀ ਕਪਤਾਨੀ ਵਿਚ ਟੀ-20 ਮੈਚਾਂ ਵਿੱਚ ਸਭ ਤੋਂ ਵੱਧ ਜਿੱਤਾਂ ਦਰਜ ਕੀਤੀਆਂ ਹਨ।