ਪੰਜਾਬ ਦੀ ਧੀ ਜੈਸਿਕਾ ਕੈਨੇਡਾ ਵਲੋਂ ਉਲੰਪਿਕ ਖੇਡੇਗੀ, ਉਸ ਦੀ ਚੋਣ ਉਲੰਪਿਕ ਖੇਡਾਂ 2024 ਲਈ ਕੈਨੇਡਾ ਦੀ ਵਾਟਰ ਪੋਲੋ ਟੀਮ ਲਈ ਹੋਈ ਹੈ। ਇੰਜ ਪੰਜਾਬ ਦੀ ਇਕ ਹੋਰ ਧੀ ਨੇ ਵਿਦੇਸ਼ੀ ਧਰਤੀ ’ਤੇ ਪੰਜਾਬੀਆਂ ਦਾ ਸਿੱਕਾ ਜਮਾਇਆ ਹੈ।ਕੈਨੇਡਾ ਦੇ ਓਟਾਵਾ ਦੀ ਜੰਮਪਲ ਪੰਜਾਬਣ ਜੈਸਿਕਾ ਓਲੰਪਿਕ 2024 ਲਈ ਕੈਨੇਡਾ ਦੀ ਮਹਿਲਾ ਵਾਟਰ ਪੋਲੋ ਟੀਮ ਦੀ ਮੈਂਬਰ ਚੁਣੀ ਗਈ ਹੈ। ਟੋਕੀਉ 2020 ਉਲੰਪਿਕ ਖੇਡਾਂ ਲਈ ਉਹ ਕੈਨੇਡੀਅਨ ਟੀਮ ਵਿਚ ਇਕ ਬਦਲ ਵਜੋਂ ਵੀ ਮੌਜੂਦ ਰਹੀ ਸੀ ਜਦਕਿ ਇਸ ਵਾਰ ਜੈਸਿਕਾ ਨੇ ਇਕ ਹੋਰ ਪੁਲਾਂਘ ਪੁੱਟਦਿਆਂ ਕੈਨੇਡਾ ਵਲੋਂ ਪੈਰਿਸ ਉਲੰਪਿਕ 2024 ਖੇਡਣ ਵਾਲੀ ਵਾਟਰ ਪੋਲੋ ਟੀਮ ਵਿਚ ਮੁੱਖ ਸਥਾਨ ਬਣਾਇਆ ਹੈ, ਜੋ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ।

    ਜ਼ਿਕਰਯੋਗ ਹੈ ਕਿ ਜੈਸਿਕਾ ਦਾ ਜਨਮ ਬੇਸ਼ੱਕ ਕੈਨੇਡਾ ਦੀ ਧਰਤੀ ’ਤੇ ਹੋਇਆ ਪਰ ਉਸਦੀਆਂ ਜੜ੍ਹਾਂ ਸਿੱਧੀਆਂ ਪੰਜਾਬ ਨਾਲ ਜੁੜੀਆਂ ਹਨ। ਜੈਸਿਕਾ ਕੈਨੇਡਾ ਦੀ ਆਰ.ਸੀ.ਐਮ.ਪੀ. ਅਧਿਕਾਰੀ ਅਜੀਤ ਕੌਰ ਟਿਵਾਣਾ ਦੀ ਧੀ ਹੈ। ਪੰਜਾਬ ਦੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਸੱਭ ਤੋਂ ਵੱਡੇ ਪਿੰਡ ਚਨਾਰਥਲ ਕਲਾਂ ਦੀ ਜੰਮਪਲ ਅਜੀਤ ਕੌਰ ਟਿਵਾਣਾ ਕੈਨੇਡਾ ਵਿਚ ਏਸ਼ੀਆ ਦੀ ਪਹਿਲੀ ਉਹ ਲੜਕੀ ਹੈ, ਜੋ ਆਰ.ਸੀ.ਐਮ.ਪੀ. ਅਧਿਕਾਰੀ ਵਜੋਂ ਤਾਇਨਾਤ ਹੋਈ ਸੀ।ਹੁਣ ਉਸ ਦੀ ਬੇਟੀ ਅਤੇ ਰਿਟਾ. ਫ਼ੌਜ ਅਧਿਕਾਰੀ ਤੇ ਨਾਮਵਰ ਲੇਖਕ ਸ. ਅਮਰਜੀਤ ਸਿੰਘ ਸਾਥੀ ਦੀ ਦੋਹਤੀ ਜੈਸਿਕਾ ਨੇ ਕੈਨੇਡਾ ’ਚ ਵੱਡੀ ਮੱਲ ਮਾਰ ਕੇ ਪੰਜਾਬ ਦਾ ਨਾਮ ਹੋਰ ਰੌਸ਼ਨ ਕੀਤਾ ਹੈ।