ਬੰਗਲਾਦੇਸ਼ ‘ਚ ਸਰਕਾਰੀ ਨੌਕਰੀਆਂ ‘ਚ ਰਿਜ਼ਰਵੇਸ਼ਨ ਦੇ ਖਿਲਾਫ ਚੱਲ ਰਿਹਾ ਵਿਦਿਆਰਥੀ ਪ੍ਰਦਰਸ਼ਨ ਹੋਰ ਹਿੰਸਕ ਹੁੰਦਾ ਜਾ ਰਿਹਾ ਹੈ। ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਸਰਕਾਰ ਨੇ ਦੇਸ਼ ਵਿਆਪੀ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ।ਦੇਸ਼ ‘ਚ ਫੈਲ ਰਹੀ ਅਸ਼ਾਂਤੀ ਨੂੰ ਰੋਕਣ ‘ਚ ਪੁਲਿਸ ਨਾਕਾਮ ਰਹੀ ਹੈ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਰਕਾਰ ਨੇ ਕਰਫਿਊ ਲਗਾਉਣ ਅਤੇ ਫੌਜੀ ਬਲਾਂ ਦੀ ਤਾਇਨਾਤੀ ਦਾ ਐਲਾਨ ਕੀਤਾ। ਦੇਸ਼ ‘ਚ ਪਿਛਲੇ ਕਈ ਦਿਨਾਂ ਤੋਂ ਜਾਨਲੇਵਾ ਝੜਪਾਂ ਚੱਲ ਰਹੀਆਂ ਹਨ, ਜਿਸ ਤੋਂ ਬਾਅਦ ਬੰਗਲਾਦੇਸ਼ ਦੀ ਸ਼ੇਖ ਹਸੀਨਾ ਸਰਕਾਰ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਫੌਜੀ ਬਲਾਂ ਦੀ ਤਾਇਨਾਤੀ ਦੇ ਹੁਕਮ ਦਿੱਤੇ ਹਨ।

    ਬੰਗਲਾਦੇਸ਼ ਵਿੱਚ ਹੁਣ ਤੱਕ 105 ਮੌਤਾਂ ਹੋ ਚੁੱਕੀਆਂ 
    ਬੰਗਲਾਦੇਸ਼ ‘ਚ ਇਸ ਹਫਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ‘ਚ ਕਰੀਬ 105 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਦਿਆਰਥੀਆਂ ਦਾ ਇਹ ਵਿਰੋਧ ਸ਼ੇਖ ਹਸੀਨਾ ਲਈ ਆਪਣੇ 15 ਸਾਲਾਂ ਦੇ ਕਾਰਜਕਾਲ ਦੌਰਾਨ ਵੱਡੀ ਚੁਣੌਤੀ ਬਣ ਗਿਆ ਹੈ। ਸ਼ੇਖ ਹਸੀਨਾ ਦੇ ਪ੍ਰੈਸ ਸਕੱਤਰ ਨਈਮੁਲ ਇਸਲਾਮ ਖਾਨ ਨੇ ਏਐਫਪੀ ਨੂੰ ਦੱਸਿਆ, “ਸਰਕਾਰ ਨੇ ਅਧਿਕਾਰੀਆਂ ਦੀ ਸਹਾਇਤਾ ਲਈ ਕਰਫਿਊ ਲਗਾਉਣ ਅਤੇ ਫੌਜ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।” ਉਨ੍ਹਾਂ ਕਿਹਾ ਕਿ ਕਰਫਿਊ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ।