ਭਾਰਤੀ ਕ੍ਰਿਕਟ ਟੀਮ ਦਾ ਸਭ ਤੋਂ ਤੇਜ਼ ਗੇਂਦਬਾਜ਼ ਅਤੇ ਟੀ-20 ਵਿਸ਼ਵ ਕੱਪ 2024 ਦਾ ਸਟਾਰ ਖਿਡਾਰੀ ਅਰਸ਼ਦੀਪ ਸਿੰਘ ਮੁਹਾਲੀ ਦੇ ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਪਹੁੰਚਿਆ। ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।ਅਰਸ਼ਦੀਪ ਸਿੰਘ ਸੀ.ਯੂ. ਦਾ ਵਿਦਿਆਰਥੀ ਰਿਹਾ ਹੈ। ਇਹ ਪਹਿਲੀ ਵਾਰ ਸੀ ਜਦੋਂ ਉਹ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਸੀਯੂ ਪਹੁੰਚਿਆ। ਇਸ ਦੌਰਾਨ ਉਸ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਬਲਜੀਤ ਕੌਰ ਵੀ ਉਸ ਦੇ ਨਾਲ ਸਨ।ਅਰਸ਼ਦੀਪ ਸਿੰਘ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਸਨ। ਹਾਲਾਂਕਿ ਜਿਵੇਂ ਹੀ ਅਰਸ਼ਦੀਪ ਸੀਯੂ ਪਹੁੰਚਿਆ ਤਾਂ ਉੱਥੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਉਨ੍ਹਾਂ ਦੇ ਪ੍ਰਸ਼ੰਸਕ ਅਰਸ਼ਦੀਪ ਨੂੰ ਮਿਲਣ ਲਈ ਬੇਤਾਬ ਨਜ਼ਰ ਆਏ।ਵਿਸ਼ਵ ਕੱਪ ਜੇਤੂ ਮੈਗਾ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਨਾਚ ਅਤੇ ਸੱਭਿਆਚਾਰਕ ਗੀਤ ਪੇਸ਼ ਕੀਤੇ। ਅਰਸ਼ਦੀਪ ਸਿੰਘ ਦੇ ਯੂਨੀਵਰਸਿਟੀ ਕੈਂਪਸ ਵਿੱਚ ਪਹੁੰਚਣ ’ਤੇ ਐੱਨਸੀਸੀ ਕੈਡਿਟਾਂ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਗਾਰਡ ਆਫ਼ ਆਨਰ ਵੀ ਕੀਤਾ। ਅਰਸ਼ਦੀਪ ਸਿੰਘ ਨੇ ਆਪਣੇ ਪਰਿਵਾਰ ਸਮੇਤ ਖੁੱਲੀ ਛੱਤ ਵਾਲੀ ਬੱਸ ਵਿਚ ਬੈਠ ਕੇ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਉਂਦਿਆ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।