ਹਿਮਾਚਲ ਪ੍ਰਦੇਸ਼ ‘ਚ ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇਅ-5 ‘ਤੇ ਬੀਤੀ ਰਾਤ ਪਹਾੜੀ ਤੋਂ ਲੈਂਡਸਲਾਈਡ ਹੋਣ ਦੀ ਘਟਨਾ ਵਾਪਰੀ। ਪੰਜਾਬ ਨੰਬਰ ਦੀ ਇੱਕ ਬੋਲੋਰੋ ਗੱਡੀ ਇਸ ਦੀ ਲਪੇਟ ਵਿਚ ਆ ਗਈ। ਇਸ ਵਿਚ ਸਵਾਰ ਪੰਜਾਬ ਦੇ ਦੇਵਰਾਜ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਤਿੰਨ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।ਜ਼ਖ਼ਮੀਆਂ ਦਾ ਈਐਸਆਈ ਹਸਪਤਾਲ ਪਰਵਾਣੂ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਅਨੁਸਾਰ ਬੋਲੈਰੋ ਕੈਂਪਰ ਗੱਡੀ ਨੰਬਰ ਪੀਬੀ 08 ਸੀਪੀ-9686 ਬੀਤੀ ਰਾਤ ਚੰਡੀਗੜ੍ਹ ਤੋਂ ਅਖ਼ਬਾਰ ਲੈ ਕੇ ਜਾ ਰਹੀ ਸੀ। ਰਾਤ ਕਰੀਬ 2.30 ਵਜੇ ਪਹਾੜੀ ਤੋਂ ਲੈਂਡਸਲਾਈਡ ਹੋ ਗਈ। ਕਾਰ ਇਸ ਦੀ ਲਪੇਟ ਵਿਚ ਆ ਗਈ। ਜਿਸ ਕਾਰਨ ਵਾਹਨ ਦਾ ਭਾਰੀ ਨੁਕਸਾਨ ਹੋਇਆ। ਗੰਭੀਰ ਜ਼ਖ਼ਮੀ ਦੇਵਰਾਜ ਨੂੰ ਪਰਵਾਣੂ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪਹਾੜ ਡਿੱਗਣ ਤੋਂ ਬਾਅਦ ਹਾਈਵੇਅ ਬੰਦ ਰਿਹਾ, ਜਿਸ ਨੂੰ ਸਵੇਰੇ 6 ਵਜੇ ਮੁੜ ਖੋਲਿਆ ਗਿਆ। ਬੀਤੀ ਰਾਤ ਸੂਬੇ ਦੇ ਹੋਰਨਾਂ ਇਲਾਕਿਆਂ ਵਿੱਚ ਵੀ ਮੀਂਹ ਕਾਰਨ ਤਬਾਹੀ ਹੋਈ ਹੈ। ਕਈ ਥਾਵਾਂ ‘ਤੇ ਢਿੱਗਾਂ ਡਿੱਗਣ ਕਾਰਨ 80 ਤੋਂ ਵੱਧ ਸੜਕਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਸ਼ਿਮਲਾ ਦੇ ਮੇਹਲੀ-ਸ਼ੋਗੀ ਰੋਡ ‘ਤੇ ਜ਼ਮੀਨ ਖਿਸਕਣ ਕਾਰਨ ਇਕ ਵਾਹਨ ਮਲਬੇ ਹੇਠਾਂ ਦੱਬ ਗਿਆ।