ਇਨ੍ਹੀਂ ਦਿਨੀਂ ਮਨੋਰੰਜਨ ਜਗਤ ਤੋਂ ਕਈ ਦਿਲ ਦਹਿਲਾਉਣ ਵਾਲੀਆਂ ਖ਼ਬਰਾਂ ਆ ਰਹੀਆਂ ਹਨ। ਬੀਤੇ ਦਿਨ ਕੋਰੀਓਗ੍ਰਾਫਰ ਫਰਾਹ ਖਾਨ ਦੀ ਮਾਂ ਦੁਨੀਆ ਨੂੰ ਅਲਵਿਦਾ ਕਹਿ ਗਈ। ਹੁਣ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਦੀ ਮੌਤ ਕਾਰਨ ਸੋਗ ਦੀ ਲਹਿਰ ਦੌੜ ਗਈ ਹੈ। ਇਹ ਇਨਫਲੂਐਂਸਰ ਕੋਈ ਹੋਰ ਨਹੀਂ ਬਲਕਿ ਟੈਨਾ ਮੇਡੇਰੋਸ ਹੈ, ਜਿਸ ਨੇ ਹਜ਼ਾਰਾਂ ਮਾਵਾਂ ਦੀ ਮਦਦ ਕੀਤੀ।ਦਰਅਸਲ, ਟੈਨਾ ਬੱਚਿਆਂ ਨੂੰ ਬ੍ਰੈਸਟ ਫੀਡਿੰਗ ਲਈ ਸੋਸ਼ਲ ਮੀਡੀਆ ਰਾਹੀਂ ਮਾਵਾਂ ਨੂੰ ਟਿਪਸ ਦਿੰਦੀ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਸ ਦੀ ਮੌਤ ਦਾ ਕਾਰਨ ਉਸ ਦੀ ਹੀ ਗਰਭ ਅਵਸਥਾ ਬਣੀ। ਮਹਿਜ਼ 34 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਆਖਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੋਸ਼ਲ ਮੀਡੀਆ ‘ਤੇ ਹਰ ਕੋਈ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਟੈਨਾ ਮੇਡੇਰੋਸ ਨੂੰ ਕੁਝ ਦਿਨ ਪਹਿਲਾਂ ਐਮਰਜੈਂਸੀ ਸਰਜਰੀ ਕਰਵਾਉਣੀ ਪਈ ਸੀ। ਇਲਾਜ ਤੋਂ ਕੁਝ ਸਮੇਂ ਬਾਅਦ ਹੀ ਉਸ ਦੇ ਸਾਹ ਰੁਕ ਗਏ। ਦੱਸਿਆ ਜਾਂਦਾ ਹੈ ਕਿ ਟੈਨਾ ਗਰਭਵਤੀ ਸੀ ਅਤੇ ਇਸ ਦੌਰਾਨ ਉਸ ਦੇ ਅੰਡੇ ਫੈਲੋਪੀਅਨ ਟਿਊਬ ਵਿਚ ਫਸ ਗਏ। ਦੱਸਿਆ ਜਾਂਦਾ ਹੈ ਕਿ ਇਸ ਕਾਰਨ ਉਸ ਦੀ ਜਾਨ ਚਲੀ ਗਈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਦਰਅਸਲ, ਟੈਨਾ ਦੇ ਦੋਸਤਾਂ ਦਾ ਕਹਿਣਾ ਹੈ ਕਿ ਇਨਫਲੂਐਂਸਰ ਪਿਛਲੇ ਹਫਤੇ ਐਕਟੋਪਿਕ ਗਰਭਵਤੀ ਹੋ ਗਈ ਸੀ। ਉਨ੍ਹਾਂ ਦੀ ਤਬੀਅਤ ਖ਼ਰਾਬ ਸੀ, ਜਿਸ ਕਾਰਨ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਵੀ ਕੀਤੀ ਗਈ ਸੀ।ਦੱਸ ਦੇਈਏ ਕਿ ਸੋਸ਼ਲ ਮੀਡੀਆ ਇਨਫਲੂਐਂਸਰ ਟੈਨਾ ਮੇਡੇਰੋਸ ਪੇਸ਼ੇ ਤੋਂ ਇੱਕ ਸਿਖਲਾਈ ਪ੍ਰਾਪਤ ਨਰਸ ਸੀ। ਇੰਸਟਾਗ੍ਰਾਮ ‘ਤੇ ਉਸ ਦੇ 70,000 ਤੋਂ ਵੱਧ ਫਾਲੋਅਰਜ਼ ਸਨ। ਇੱਥੇ ਉਹ ਕਈ ਮਾਵਾਂ ਨੂੰ ਬ੍ਰੈਸਟ ਫੀਡਿੰਗ ਬਾਰੇ ਟਿਪਸ ਦਿੰਦੀ ਸੀ। ਉਨ੍ਹਾਂ ਨੇ ਬੀਤੇ ਬੁੱਧਵਾਰ ਬ੍ਰਾਜ਼ੀਲ ‘ਚ ਆਖਰੀ ਸਾਹ ਲਿਆ। ਟੈਨਾ ਆਪਣੇ ਪਿੱਛੇ ਪਤੀ ਅਤੇ ਪੰਜ ਸਾਲ ਦੀ ਬੇਟੀ ਛੱਡ ਗਈ ਹੈ। ਵੀਰਵਾਰ ਨੂੰ, ਉਸਦਾ ਪੂਰਬੀ ਬ੍ਰਾਜ਼ੀਲ ਦੇ ਪਰਨਾਮੀਰਿਮ ਵਿੱਚ ਸਸਕਾਰ ਕਰ ਦਿੱਤਾ ਗਿਆ।