ਜਲੰਧਰ (ਵਿੱਕੀ ਸੂਰੀ ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਜਿਲ੍ਹਾ ਜਲੰਧਰ ਦੇ ਕਨਵੀਨਰ ਕੁਲਦੀਪ ਵਾਲੀਆ ਅਤੇ ਕੋ – ਕਨਵੀਨਰ ਦਿਲਬਾਗ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕੇਂਦਰੀ ਵਿੱਤ ਸਕੱਤਰ ਟੀ.ਵੀ. ਸੋਮਨਾਥਨ ਨੇ ਜੋ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਬਿਆਨ ਦਿੱਤਾ ਹੈ, ਉਹ ਬਹੁਤ ਹੀ ਮੰਦਭਾਗਾ ਹੈ। ਉਹਨਾਂ ਕਿਹਾ ਕਿ ਟੀ.ਵੀ. ਸੋਮਨਾਥਨ ਜੋ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਬਣੀ ਹੋਈ ਕਮੇਟੀ ਦੇ ਚੇਅਰਮੈਨ ਹਨ, ਉਹ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ ਅਤੇ ਉਨਾਂ ਦੇ ਬਿਆਨਾਂ ਤੋਂ ਸਰਕਾਰ ਦੇ ਮੁਲਾਜ਼ਮ ਵਿਰੋਧੀ ਹੋਣ ਦਾ ਸਾਫ-ਸਾਫ ਪਤਾ ਚੱਲਦਾ ਹੈ ਅਤੇ ਇਸ ਨਾਲ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋਇਆ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਨੂੰ ਲੈ ਕੇ ਜੋ ਕਮੇਟੀ ਬਣਾਈ ਹੈ,ਉਹ ਸਿਰਫ ਟਾਈਮ ਪਾਸ ਹੈ ਅਤੇ ਕੇਂਦਰ ਸਰਕਾਰ ਕਮੇਟੀ ਬਣਾ ਕੇ ਮੁਲਾਜ਼ਮਾਂ ਨੂੰ ਮੂਰਖ ਬਣਾ ਰਹੀ ਹੈ।
ਉਹਨਾਂ ਕਿਹਾ ਕਿ ਜੇਕਰ ਸਰਕਾਰ ਪੁਰਾਣੀ ਪੈਨਸ਼ਨ ਦੀ ਬਹਾਲੀ ਦੇ ਇੰਨਾ ਹੀ ਖ਼ਿਲਾਫ਼ ਹੈ ਤਾਂ ਸਭ ਤੋਂ ਪਹਿਲੇ ਸਰਕਾਰੀ ਨੁਮਾਇੰਦਿਆਂ ਐਮ.ਐਲ.ਏ ,ਐਮ.ਪੀ,ਵਿਧਾਇਕਾਂ, ਮੁੱਖ ਮੰਤਰੀਆਂ ਅਤੇ ਖੁਦ ਪ੍ਰਧਾਨ ਮੰਤਰੀ ਨੂੰ ਆਪਣੀ ਪੁਰਾਣੀ ਪੈਨਸ਼ਨ ਬੰਦ ਕਰ ਦੇਣੀ ਚਾਹੀਦੀ ਹੈ। ਉਹਨਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਤੋਂ ਜਲਦ ਕੇਂਦਰ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਤਾਂ ਸਰਕਾਰ ਖਿਲਾਫ ਲਾਮਬੰਦੀ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਫਿਲੌਰ, ਵੇਦ ਰਾਜ, ਪ੍ਰੇਮ ਖਾਲਵਾੜਾ, ਸੰਦੀਪ ਰਾਜੋਵਾਲ, ਅਮਰਜੀਤ ਭਗਤ,ਰਮਨ ਕੁਮਾਰ, ਰਾਕੇਸ਼ ਕੁਮਾਰ, ਪਰਦੀਪ, ਕਸਤੂਰੀ ਲਾਲ, ਧਰਮਪਾਲ ਚੂਹੇਕੀ, ਦਲਬੀਰ ਰਾਮ ਆਦਿ ਹੋਰ ਸਾਥੀ ਹਾਜ਼ਰ ਸਨ।
