ਭਿੱਖੀਵਿੰਡ : ਕਸਬਾ ਭਿੱਖੀਵਿੰਡ ਵਿਖੇ ਰੇਹੜੀ ਤੋਂ ਕੇਲੇ ਖਰੀਦ ਰਹੇ ਵਿਅਕਤੀ ਨੂੰ ਦਾਤਰ ਮਾਰ ਕੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸਦਾ ਪਰਸ ਖੋਹ ਲਿਆ ਤੇ ਫਰਾਰ ਹੋ ਗਏ। ਹਾਲਾਂਕਿ ਪੀੜ੍ਹਤ ਵਿਅਕਤੀ ਨੇ ਦੋਵਾਂ ਖੋਹਬਾਜ਼ਾਂ ਨੂੰ ਪਛਾਣ ਲਿਆ। ਜਿਨ੍ਹਾਂ ਵਿਰੁੱਧ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਬਕਾਇਦਾ ਗ੍ਰਿਫ਼ਤਾਰ ਵੀ ਕਰ ਲਿਆ ਹੈ।

ਵਿੱਕੀ ਮਹਿਤਾ ਪੁੱਤਰ ਤਰਸੇਮ ਕੁਮਾਰ ਵਾਸੀ ਵਾਰਡ ਨੰਬਰ 10 ਭਿੱਖੀਵਿੰਡ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਨੇ ਲੰਘੀ ਸ਼ਾਮ ਕਰੀਬ ਸਾਢੇ 5 ਵਜੇ ਖਾਲੜਾ ਰੋਡ ’ਤੇ ਬਿਜਲੀ ਘਰ ਦੇ ਕੋਲ ਰੇਹੜੀ ਤੋਂ ਕੇਲੇ ਖਰੀਦੇ ਤੇ ਪੈਸੇ ਦੇਣ ਲਈ ਜਿਵੇਂ ਹੀ ਆਪਣਾ ਪਰਸ ਕੱਢਿਆ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਜਣਿਆਂ ਨੇ ਉਸਦਾ ਪਰਸ ਝਪਟ ਲਿਆ। ਉਹ ਪਰਸ ਖੋਹਣ ਵਾਲਿਆਂ ਵੱਲ ਵਧਿਆ ਤਾਂ ਉਨ੍ਹਾਂ ਨੇ ਉਸ ਨੂੰ ਦਾਤਰ ਮਾਰ ਦਿੱਤਾ। ਉਹ ਡਰਦਾ ਹੋਇਆ ਪਿੱਛੇ ਹੋ ਗਿਆ ਤੇ ਨਾਲ ਹੀ ਖੋਹਬਾਜ਼ਾਂ ਨੂੰ ਇਹ ਵੀ ਦੱਸ ਦਿੱਤਾ ਕਿ ਉਹ ਉਨ੍ਹਾਂ ਨੂੰ ਪਛਾਣਦਾ ਹੈ। ਪਰ ਦੋਵੇਂ ਖੋਹਬਾਜ਼ ਉਸਦਾ ਪਰਸ ਖੋਹ ਕੇ ਖਾਲੜਾ ਵੱਲ ਫਰਾਰ ਹੋ ਗਏ।
ਮੌਕੇ ’ਤੇ ਪੁੱਜੇ ਥਾਣਾ ਭਿੱਖੀਵਿੰਡ ਦੇ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਵਿੱਕੀ ਮਹਿਤਾ ਨੇ ਖੋਹ ਕਰਨ ਵਾਲਿਆਂ ਦੀ ਪਛਾਣ ਰਣਜੀਤ ਸਿੰਘ ਜੀਤੂ ਪੁੱਤਰ ਸੁਖਦੇਵ ਸਿੰਘ ਅਤੇ ਰੇਸ਼ਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਢੋਟੀਆਂ ਵਜੋਂ ਹੋਈ ਹੈ। ਜਿਨ੍ਹਾਂ ਨੂੰ ਸਪਲੈਂਡਰ ਮੋਟਰਸਾਈਕਲ ਅਤੇ ਦਾਤਰ ਸਮੇਕ ਕਾਬੂ ਕਰਕੇ ਵਿੱਕੀ ਮਹਿਤਾ ਕੋਲੋਂ ਖੋਹਿਆ ਪਰਸ ਵੀ ਬਰਾਮਦ ਕਰ ਲਿਆ ਹੈ। ਜਦੋਕਿ ਮੁਲਜ਼ਮਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।