ਦੇਸ਼ ਵਿਚ ਇਕ 701 ਕਿਲੋਮੀਟਰ ਲੰਬਾ ਅਤੇ ਬਹੁਤ ਹੀ ਖਾਸ ਐਕਸਪ੍ਰੈਸਵੇਅ ਖੁੱਲ੍ਹਣ ਲਈ ਤਿਆਰ ਹੈ। ਅਗਲੇ ਮਹੀਨੇ ਦੇ ਅੰਤ ਤੱਕ ਇਸ ਐਕਸਪ੍ਰੈੱਸ ਵੇਅ ਦੇ 76 ਕਿਲੋਮੀਟਰ ਲੰਬੇ ਹਿੱਸੇ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਸ ਉਤੇ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ।
ਇਸ ਐਕਸਪ੍ਰੈਸ ਵੇਅ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੇ ਦੋਵੇਂ ਪਾਸੇ ਲਗਭਗ 13 ਲੱਖ ਰੁੱਖ ਲਗਾਏ ਜਾਣਗੇ ਅਤੇ ਇਸ ਉਤੇ 16 ਘੰਟੇ ਦਾ ਸਫਰ ਸਿਰਫ 8 ਘੰਟਿਆਂ ‘ਚ ਪੂਰਾ ਹੋਵੇਗਾ। ਇਸ ਐਕਸਪ੍ਰੈੱਸਵੇਅ ਦਾ ਨਾਂ ਸਮ੍ਰਿਧੀ ਮਹਾਮਾਰਗ ਹੈ, ਜੋ ਮੁੰਬਈ ਅਤੇ ਨਾਗਪੁਰ ਵਿਚਕਾਰ ਬਣ ਰਿਹਾ ਹੈ। ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨਿਲਕੁਮਾਰ ਗਾਇਕਵਾੜ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਨਾਸਿਕ ਜ਼ਿਲ੍ਹੇ ਦੇ ਇਗਤਪੁਰੀ ਅਤੇ ਠਾਣੇ ਜ਼ਿਲ੍ਹੇ ਦੇ ਵਿਚਕਾਰ ਸਮ੍ਰਿੱਧੀ ਮਹਾਮਾਰਗ ਦੇ 76 ਕਿਲੋਮੀਟਰ ਲੰਬੇ ਅੰਤਿਮ ਪੜਾਅ ਦਾ ਕੰਮ ਸਤੰਬਰ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ।
ਕੰਮ ਦਾ ਆਖਰੀ ਪੜਾਅ ਚੁਣੌਤੀਪੂਰਨ ਸੀ
ਅਨਿਲ ਕੁਮਾਰ ਗਾਇਕਵਾੜ ਨੇ ਕਿਹਾ ਕਿ 701 ਕਿਲੋਮੀਟਰ ਲੰਬੇ ਇਸ ਪ੍ਰਾਜੈਕਟ ਦਾ ਆਖਰੀ ਪੜਾਅ ਸਭ ਤੋਂ ਚੁਣੌਤੀਪੂਰਨ ਹਿੱਸਾ ਸੀ। ਇਸ ਵਿੱਚ 16 ਡੂੰਘੀਆਂ ਘਾਟੀਆਂ ਅਤੇ ਪੰਜ ਪਹਾੜੀਆਂ ਸਨ। ਇਨ੍ਹਾਂ ਪਹਾੜੀਆਂ ਵਿੱਚ 5 ਸੁਰੰਗਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ 16 ਪੁਲ ਵੀ ਬਣਾਏ ਗਏ।
ਗਾਇਕਵਾੜ ਦੇ ਅਨੁਸਾਰ, ਦੱਖਣ ਸਿਰੇ ਉਤੇ ਸਮ੍ਰਿੱਧੀ ਮਹਾਮਾਰਗ ਨੂੰ ਜੇਐਨਪੀਟੀ ਸਪਰ ਰਾਹੀਂ ਮੁੰਬਈ-ਨਾਸਿਕ ਹਾਈਵੇਅ ਨਾਲ ਜੋੜਿਆ ਜਾਵੇਗਾ, ਜੋ ਕਿ ਮੁੰਬਈ-ਅਹਿਮਦਾਬਾਦ-ਦਿੱਲੀ ਐਕਸਪ੍ਰੈਸਵੇ ਦਾ ਇੱਕ ਹਿੱਸਾ ਹੈ। 701 ਕਿਲੋਮੀਟਰ ਲੰਬੇ ਸਮ੍ਰਿੱਧੀ ਹਾਈਵੇਅ ਵਿੱਚੋਂ 625 ਕਿਲੋਮੀਟਰ ਲੰਬੇ ਸੈਕਸ਼ਨ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਅਤੇ ਇਸ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ।