ਫਿਰੋਜ਼ਪੁਰ ( ਜਤਿੰਦਰ ਪਿੰਕਲ ) ਧੀਆਂ ਦਾ ਸਤਿਕਾਰ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰਮਜੀਤ ਕੌਰ ਬਰਾੜ ਅਤੇ ਭਿੰਦਰ ਭੁੱਲਰ ਦੀ ਅਗਵਾਈ ਹੇਠ ਵੱਡੀ ਗਿਣਤੀ ਚ ਇਕੱਤਰ ਮੁਟਿਆਰਾਂ ਅਤੇ ਔਰਤਾਂ ਨੇ ਹੋਟਲ ਐਚ 3 ਫਿਰੋਜ਼ਪੁਰ ਸ਼ਹਿਰ ਅੰਦਰ ਪੂਰੀ ਧੂਮ ਧਾਮ ਅਤੇ ਚਾਵਾਂ ਨਾਲ ਤੀਆਂ ਦਾ ਮੇਲਾ ਮਨਾਇਆ । ਮੇਲੇ ਚ ਪਹੁੰਚੀਆਂ ਮੁਟਿਆਰਾਂ ਜਿੱਥੇ ਲਾਲ ਪੀਲੇ ਹਰੇ ਰੰਗ ਬਿਰੰਗੇ ਪੰਜਾਬੀ ਪਹਿਰਾਵਿਆਂ ਵਾਲੇ ਸੂਟਾਂ ਚ ਸਜੀਆਂ ਹੋਈਆਂ ਸਨ ਉੱਥੇ ਉਹਨਾਂ ਵੱਲੋਂ ਪਾਈਆਂ ਪਰਾਂਦੀਆਂ, ਲਾਈਆਂ ਸੱਗੀਆਂ, ਪਾਏ ਕਾਂਟੇ, ਜੁਗਨੀ, ਹਾਰਾਂ ਵਾਲੇ ਗਹਿਣੇ ਸਭ ਦੇ ਮਨ ਨੂੰ ਭਾ ਰਹੇ ਸਨ ਤੇ ਪੁਰਾਣੇ ਪੰਜਾਬ ਦੀਆਂ ਯਾਦਾਂ ਤਾਜ਼ਾ ਕਰ ਰਹੇ ਸਨ । ਮੇਲੇ ਚ ਗਾਉਣ, ਨੱਚਣ, ਕੋਰੀਓਗ੍ਰਾਫੀ, ਖੁੱਲਾ ਗਿੱਧਾ , ਡਾਂਸ, ਸਕਿਟਾਂ ਜਿੱਥੇ ਕਰਵਾ ਗਈਆਂ ਉਥੇ ਤੀਆਂ ਦੀ ਰਾਣੀ ਖਿਤਾਬ ਲਈ ਜਿਲਾ ਪਧਰੀ ਮੁਕਾਬਲਾ ਕਰਵਾਇਆ ਗਿਆ । ਜਿਸ ਵਿੱਚ ਵੱਡੀ ਗਿਣਤੀ ਚ ਮੁਟਿਆਰਾਂ ਨੇ ਉਤਸ਼ਾਹ ਨਾਲ ਭਾਗ ਲਿਆ ਤੇ ਜਿੱਤਾਂ ਦਰਜ ਕੀਤੀਆਂ ਜੋ ਮੇਲੇ ਦੀ ਵੱਖਰੀ ਦਿਖਦਾ ਸਬੂਤ ਹੋ ਨਿਬੜਿਆ । ਹੋਰ ਤਾਂ ਹੋਰ ਮੇਲੇ ਨੂੰ ਵਿਰਸੇ ਅਤੇ ਸੱਭਿਆਚਾਰ ਦੇ ਰੰਗ ਵਿੱਚ ਰੰਗਣ ਲਈ ਉੱਘੀ ਪੰਜਾਬੀ ਗਾਇਕਾ ਐਸ ਕੌਰ ਘੋਲੀਆ ਪਹੁੰਚੇ ਹੋਏ ਸਨ ਜਿੰਨਾਂ ਨੇ ਆਪਣੀ ਬੁਲੰਦ ਆਵਾਜ਼ ਵਿੱਚ ਟੱਪੇ, ਸਿੱਠਣੀਆਂ, ਘੋੜੀਆਂ, ਸੁਹਾਗ, ਲੰਮੀ ਹੇਕ ਵਾਲੇ ਗੀਤਾਂ ਤੋਂ ਇਲਾਵਾ ਆਧੁਨਿਕਤਾ ਸਮੇਂ ਚ ਚਲਦੇ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਕੇ ਹਰੇਕ ਮੇਲੀ ਦੇ ਦਿਲ ਨੂੰ ਟੁੰਬਿਆ ਅਤੇ ਮੇਲੇ ਨੂੰ ਲੁੱਟਿਆ । ਉਹਨਾਂ ਦੇ ਬੋਲਾਂ ਤੇ ਮੇਲੇ ਚ ਆਈਆਂ ਮੁਟਿਆਰਾਂ ਖੁੱਲਾ ਗਿੱਧਾ ਪਾ ਕੇ ਜਗ੍ਹਾ ਜਗ੍ਹਾ ਖੜੀਆਂ ਨੱਚਦੀਆਂ ਨਜ਼ਰ ਆਈਆਂ। ਮੇਲੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਜਿੱਥੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਧਰਮ ਪਤਨੀ ਬੀਬੀ ਇੰਦਰਜੀਤ ਕੌਰ ਖੋਸਾ ਅਤੇ ਫਿਰੋਜਪੁਰ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਆਸੂ ਬੰਗੜ ਦੇ ਧਰਮ ਪਤਨੀ ਸ਼੍ਰੀਮਤੀ ਬਲਜੀਤ ਕੌਰ ਬੰਗੜ,ਪਹੁੰਚੇ ਉੱਥੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਵਿਦਿਆ ਦੇ ਖੇਤਰ ਚ ਵੱਡੀਆਂ ਮੱਲਾਂ ਮਾਰ ਰਹੇ ਸ਼੍ਰੀਮਤੀ ਦਵਿੰਦਰ ਕੌਰ ਸੰਘਾ, ਸ਼੍ਰੀਮਤੀ ਪਰਮਜੀਤ ਕੌਰ ਸੰਘਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਸਾਉਣ ਦੇ ਮਹੀਨੇ ਭੈਣਾਂ ਨੂੰ ਸੁਧਾਰਾਂ ਦੇਣ ਦੀ ਰਵਾਇਤ ਨੂੰ ਕਾਇਮ ਰੱਖਦਿਆ ਜਸਵੰਤ ਸਿੰਘ ਵੜੈਚ ਡੀਡੀਪੀਓ ਫਿਰੋਜ਼ਪੁਰ, ਜਸਵਿੰਦਰ ਸਿੰਘ ਸੰਧੂ ਸੀਨੀਅਰ ਪੱਤਰਕਾਰ ਅਤੇ ਵਰਿੰਦਰ ਸਿੰਘ (ਸਤਨਾਮ ਜਿਊਲਰਜ਼) ਭੈਣਾਂ ਲਈ ਸੁਧਾਰਾਂ ਲੈ ਕੇ ਆਏ ਤਾਂ ਮੇਲੇ ਵਿੱਚ ਉਹਨਾ ਦਾ ਢੋਲ ਢਮੱਕਿਆ ਨਾਲ ਜੋਰਦਾਰ ਸਵਾਗਤ ਕੀਤਾ ਗਿਆ। ਇਸ ਮੇਲੇ ਦੀ ਇਕ ਖਾਸ ਵਿਲੱਖਣਤਾ ਇਹ ਸੀ ਕਿ ਇਸ ਵਿਚ ਬੱਚੀਆ, ਅੱਲੜ ਮੁਟਿਆਰਾਂ ਅਤੇ ਵਿਅਹੁਤਾ ਔਰਤਾਂ ਵੀ ਸਰਗਰਮੀ ਨਾਲ ਭਾਗ ਲੈ ਰਹੀਆਂ ਸਨ ਨੱਚ ਟੱਪ ਆਪਣੇ ਮਨ ਦਾ ਚਾਉ ਪੂਰਾ ਕਰ ਰਹੀਆ ਸਨ ।
ਤੀਆਂ ਦੇ ਇਸ ਮੇਲੇ ਵਿਚ ਮੁਟਿਆਰਾਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਤੀਆਂ ਦੀ ਰਾਣੀ ਦਾ ਐਵਾਰਡ ਗੁਰਲੀਨ ਕੌਰ ਉੱਪਲ ਨੇ ਜਿੱਤਿਆ। ਲੰਮੀ ਗੁੱਤ ਦੇ ਮੁਕਾਬਲੇ ਵਿਚ ਕੁਲਦੀਪ ਕੌਰ ਅਤੇ ਡਾਕਟਰ ਪਾਹਲਪ੍ਰੀਤ ਕੌਰ ਜੇਤੂ ਰਹੀਆਂ। ਸੋਹਣੀ ਤੌਰ ਮੁਕਾਬਲੇ ਵਿਚ ਗੁਰਮੀਤ ਕੌਰ ਜੇਤੂ ਰਹੀ। ਮੋਤੀਆ ਵਰਗੇ ਦੰਦ ਮੁਕਾਬਲੇ ਵਿਚ ਪ੍ਰਨੀਤ ਕੌਰ, ਮੋਟੀ ਅੱਖ ਮੁਕਾਬਲੇ ਵਿਚ ਰੂਬੀ ਅਤੇ ਸੁਰੀਲੀ ਆਵਾਜ਼ ਮੁਕਾਬਲੇ ਵਿਚ ਗਗਨਦੀਪ ਕੌਰ ਨੇ ਜਿੱਤਾਂ ਦਰਜ ਕੀਤੀਆਂ । ਮੇਲੇ ਦੇ ਪ੍ਰਬੰਧਕਾਂ ਵੱਲੋਂ ਵੱਖ ਵੱਖ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੋਰਾਨ ਮੇਲੇ ਦੇ ਮੁੱਖ ਮਹਿਮਾਨ ਸ੍ਰੀਮਤੀ ਇੰਦਰਜੀਤ ਕੌਰ ਖੋਸਾ ਅਤੇ ਬਲਜੀਤ ਕੌਰ ਨੇ ਆਪੋ ਆਪਣੇ ਸੰਬੋਧਨ ਚ ਕਿਹਾ ਕਿ ਇਸ ਤਰਾਂ ਦੇ ਮੇਲਿਆਂ ਦਾ ਲੱਗਣਾ ਬਹੁਤ ਜ਼ਰੂਰੀ ਹੈ ਜੋ ਸਾਨੂੰ ਅਤੇ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਦੇ ਹਨ । ਉਹਨਾਂ ਨੇ ਮੇਲੇ ਦੇ ਪ੍ਰਬੰਧਾਂ ਦੀ ਤਾਰੀਫ ਕਰਦਿਆਂ ਕਿਹਾ ਕੇ ਅੱਜ ਸਾਡੇ ਪੰਜਾਬ ਅਤੇ ਪੰਜਾਬੀਅਤ ਨੂੰ ਇਸ ਤਰ੍ਹਾਂ ਦੇ ਮੇਲਿਆਂ ਨਾਲ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ। ਅੱਜ ਸਾਡੀ ਨੋਜਵਾਨ ਪੀੜੀ ਦੇ ਬਚਾਅ ਲਈ ਅਗਾਂਹ ਵਧੂ ਔਰਤਾ ਨੂੰ ਅੱਗੇ ਆ ਕੇ ਚੰਗੇ ਸਮਾਜ ਦੀ ਅਗਵਾਈ ਕਰਨੀ ਚਾਹੀਦੀ ਹੈ। ਮੇਲੇ ਦੀ ਵਿਲੱਖਣਤਾ ਇਹ ਸੀ ਕਿ ਤਰ੍ਹਾਂ ਤਰ੍ਹਾਂ ਦੇ ਪਕਵਾਨ ਮੇਲੀਆਂ ਲਈ ਤਿਆਰ ਸਨ ਜਿਨਾਂ ਦੇ ਲੱਗੇ ਸਟਾਲਾਂ ਤੋਂ ਮਿਲੀਆਂ ਨੇ ਜਿੱਥੇ ਵੱਖ ਵੱਖ ਪਕਵਾਨਾਂ ਦੇ ਸਵਾਲ ਚੱਕੇ ਉੱਥੇ ਦੁਪਹਿਰ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਸੀ । ਜਿਸ ਦਾ ਮਿਲੀਆਂ ਨੇ ਖੂਬ ਆਨੰਦ ਉਠਾਇਆ।
ਮੇਲੇ ਦੀ ਸਫਲਤਾ ਲਈ ਵੱਡੇ ਵਿੱਤੀ ਸਹਿਯੋਗ ਦੇਣ ਵਾਲੇ ਐਚ 3 ਹੋਟਲ, ਅੰਮ੍ਰਿਤ ਟੈਕਸਟਾਇਲ, ਰੰਜੂ ਕਰੋਕਰੀ, ਰੀਤ ਸਟੂਡੀਓ, ਸ਼ਹਿਨਾਜ ਢਿਲੋਂ, ਡਾਕਟਰ ਅਮਨ, ਪ੍ਰੀਤੀ ਕਾਮਰਾ, ਰਾਖੀ ਨਰੂਲਾ, ਮਾਨਵੀ ਮਹਿਤਾ, ਗੁਨਮੀਤ ਕੌਰ, ਨੇਹਾ ਸ਼ਰਮਾ, ਸ਼ਾਈਨ ਇਵੈਟਸ ਆਦਿ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਮੇਲਾ ਪ੍ਰਬੰਧਕ ਕਰਮਜੀਤ ਕੌਰ ਬਰਾੜ ਅਤੇ ਭਿੰਦਰ ਭੁੱਲਰ ਨੇ ਸਭਨਾਂ ਨੂੰ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ। ਇਸ ਮੌਕੇ ਮੇਲੇ ਚ ਵਿਸ਼ੇਸ਼ ਤੌਰ ਤੇ ਪਹੁੰਚੀਆਂ ਜਿਲੇ ਦੀਆਂ ਨਾਮਵਰ ਸ਼ਖਸ਼ੀਅਤਾਂ ਜਿਨਾਂ ਵਿਚ ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੱਧੂ, ਪ੍ਰਿੰਸੀਪਲ ਨਰਿੰਦਰ ਸਿੰਘ ਕੇਸਰ (ਜ਼ਿਲ੍ਹਾ ਪ੍ਰਧਾਨ ਪ੍ਰਾਈਵੇਟ ਸਕੂਲ ਐਸੋਸੀਏਸ਼ਨ), ਕੰਵਰਜੀਤ ਸੰਧੂ, ਗੁਰਦਰਸ਼ਨ ਸਿੰਘ ਸੰਧੂ, ਜਤਿੰਦਰ ਪਿੰਕਲ, ਸਤਬੀਰ ਬਰਾੜ, ਸੁੱਖ ਸਾਂਦੇ ਹਾਸ਼ਮ ਆਦਿ ਨਾਮ ਵਰ ਸ਼ਖਸੀਅਤਾਂ ਨੂੰ ਉਹਨਾਂ ਵੱਲੋਂ ਸਮਾਜ ਸੁਧਾਰਾਂ ਲਈ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਕਰਕੇ ਸਨਮਾਨ ਚਿੰਨਾ ਨਾਲ ਸਨਮਾਨਿਤ ਕੀਤਾ ਗਿਆ । ਮੇਲੇ ਦੋਰਾਨ ਸਟੇਜ ਦਾ ਸੰਚਾਲਨ ਹਰਜਿੰਦਰ ਕੌਰ ਨੇ ਬਾਖੂਬੀ ਨਿਭਾਇਆ ਤੇ ਮੇਲਣਾ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਦੀ ਹਰ ਵਾਰ ਆਈ ਜੋ ਅਤਿ ਸਲਾਂਗਾਯੋਗ ਸੀ ।