ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲੇ ਮਹਾਨ ਤਪੱਸਵੀ, ਪਰਮ ਕ੍ਰਿਪਾਲੂ, ਅਥਾਹ ਗੁਣਾਂ ਦੇ ਸਾਗਰ ਮਧਰ ਬੈਨ ਦੇ ਧਨੀ, ਸਾਂਝੀਵਾਲਤਾ ਦੇ ਪ੍ਰਤੀਕ, ਇਬਾਦਤ ਅਤੇ ਇਲਾਹੀ ਸੰਦੇਸ਼ ਦੇ ਮੁਜੱਸਮਾ, ਬਹੁਪੱਖੀ ਪ੍ਰਤਿਭਾ ਦੇ ਮਾਲਕ, ਨਾਮ ਬਾਣੀ ਦੇ ਰਸੀਏ, ਕਹਿਣੀ ਅਤੇ ਕਰਣੀ ਦੇ ਸੂਰੇ, ਸੱਚ ਹੱਕ ਦੇ ਪਹਿਰੇਦਾਰ, ਨਿਧੱੜਕ ਸੂਰਬੀਰ ਅਤੇ ਰੂਹਾਨੀ ਸ਼ਖ਼ਸੀਅਤ ਦੇ ‘ਮਾਲਕ ਹੋਏ ਹਨ। ਆਪ ਜੀ ਦਾ ਜਨਮ ਪਿਤਾ ਸ਼ਹੀਦ ਭਾਈ ਸੇਵਾ ਸਿੰਘ ਦੇ ਘਰ ਮਾਤਾ ਧਰਮ ਕੌਰ ਜੀ ਦੀ ਕੁੱਖੋਂ 26 ਜੁਲਾਈ 1768 ਈਸਵੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਇਤਿਹਾਸਕ ਨਗਰ ਗੱਗੋਬੂਹਾ ਵਿਖੇ ਹੋਇਆ। ਮੁੱਢਲੀ ਵਿੱਦਿਆ ਗੁਰਮਤਿ ਦੀ ਆਪ ਨੇ ਬਾਬਾ ਖੁਸ਼ਹਾਲ ਸਿੰਘ ਅਤੇ ਭਾਈ ਗੁਰਮੁੱਖ ਸਿੰਘ ਤੋਂ ਪ੍ਰਾਪਤ ਕੀਤੀ। ਆਪ ਦੇ ਪਿਤਾ ਸੇਵਾ ਸਿੰਘ ਅੰਮ੍ਰਿਤਧਾਰੀ, ਭਾਓ-ਭਗਤੀ ਵਾਲੇ, ਨਿਤਨੇਮੀ ਤੇ ਮਿੱਠ ਬੋਲੜੇ ਸੁਭਾਅ ਵਾਲੇ ਸਨ। ਆਪ ਦੇ ਪਿਤਾ ਸ: ਨਿਹਾਲ ਸਿੰਘ ਅਟਾਰੀ ਵਾਲੇ ਦੀ ਸਿੱਖ ਫ਼ੌਜ ਵਿੱਚ 15 ਨਵੰਬਰ 1778 ਤੋਂ ਭਰਤੀ ਹੋ ਕੇ ਨੌਕਰੀ ਕਰਦੇ 21 ਜਨਵਰੀ 1828 ਈ: ਨੂੰ ਮੁਲਤਾਨ ਦੀ ਜੰਗ ਵਿੱਚ ਸ਼ਹੀਦ ਹੋ ਗਏ ਸਨ। ਬਾਬਾ ਬੀਰ ਸਿੰਘ ਜੀ ਆਪਣੀ ਮਾਤਾ ਦਾ ਬਹੁਤ ਸਤਿਕਾਰ ਕਰਦੇ ਸਨ। ਸਿੱਖ ਇਤਿਹਾਸਕਾਰ ਦੀਆਂ ਸਰੋਤਾਂ ਅਨੁਸਾਰ ਮਹਾਨ ਸਿੱਖ ਜਰਨੈਲ ਸ੍ਰ: ਨਿਹਾਲ ਸਿੰਘ ਅਟਾਰੀ ਵਾਲਿਆਂ ਪਾਸ ਬਾਬਾ ਜੀ 18 ਅਪ੍ਰੈਲ 1785 ਨੂੰ ਭਰਤੀ ਹੋ ਗਏ। ਆਪ ਨੇ 1789 ਈ: ਤੱਕ ਫ਼ੌਜ ਦੀ ਨੌਕਰੀ ਕੀਤੀ। ਆਪ ਬੜੇ ਦਲੇਰ ਤੇ ਨਿਧੜਕ ਇਨਸਾਨ ਸਨ । ਇਕ ਵਾਰ ਜਦੋਂ ਆਪ ਆਪਣੇ ਪਿੰਡ ਛੁੱਟੀ ਆਏ ਤਾਂ ਉਨ੍ਹਾਂ ਦਿਨਾਂ ਵਿੱਚ ਪਿੰਡ ‘ਚ ਡਾਕਾ ਪੈ ਗਿਆ, ਬਾਬਾ ਜੀ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਉਨ੍ਹਾਂ ਡਾਕੂਆਂ ਦਾ ਮੁਕਾਬਲਾ ਕੀਤਾ। ਇਸ ਬਹਾਦਰੀ ਦੀ ਸੋਭਾ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚ ਗਈ । ਮਹਾਰਾਜ ਨੇ ਆਪ ਜੀ ਨੂੰ ਆਪਣੇ ਪਾਸ ਬੁਲਾ ਕੇ ਬਹੁਤ ਮਾਣ ਤੇ ਸਤਿਕਾਰ ਵਜੋਂ ਇਨਾਮ ਦਿੱਤਾ। ਅਖੀਰ 1789 ਈ: ਨੂੰ ਫ਼ੌਜ ਵਿੱਚੋਂ ਨਾਮ ਕਟਾ ਕੇ, ਬਾਬਾ ਸਾਹਿਬ ਸਿੰਘ ਬੇਦੀ ਊਨਾ ਵਾਲਿਆਂ ਤੋਂ ਵਰੋਸਾਏ ਬਾਬਾ ਭਾਗ ਸਿੰਘ ਜੀ ਕੁਰ੍ਹੀ ਵਾਲਿਆਂ ਦੀ ਸੇਵਾ ਵਿੱਚ ਹਾਜ਼ਰ ਹੋ ਗਏ। ਫਿਰ ਕੁਝ ਸਮਾਂ 1792 ਤੱਕ ਊਨਾ ਵਿਖੇ ਡੇਰੇ ਦੀ ਸੇਵਾ ਕਰਦੇ ਰਹੇ। ਊਨਾ ਸਾਹਿਬ ਜੀ ਤੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਦੀ ਆਗਿਆ ਪਾ ਕੇ ਤਰਨ ਤਾਰਨ ਸਾਹਿਬ ਜੀ ਦੇ ਨਜ਼ਦੀਕ 4 ਕਿਲੋਮੀਟਰ ਦੂਰੀ ‘ਤੇ ਨੌਰੰਗਾਬਾਦ ਨੂੰ ਆਪ ਜੀ ਨੇ 10 ਅਕਤੂਬਰ 1805 ਈ: ਨੂੰ ਧਰਮ ਪ੍ਰਚਾਰ ਲਈ ਪਾਵਨ ਅਸਥਾਨ ਦੀ ਨੀਂਹ ਰੱਖ ਕੇ ਇਸ ਦੀ ਆਪ ਨੇ ਸੰਗਤਾਂ ਦੇ ਸਹਿਯੋਗ ਨਾਲ ਉਸਾਰੀ ਕਰਵਾਈ। ਇੱਥੇ ਰਹਿੰਦਿਆਂ ਹੀ ਮਾਰਚ ਸੰਨ 1833 ਵਿੱਚ ਹੈਜ਼ੇ ਦੀ ਭਿਆਨਕ ਬਿਮਾਰੀ ਫੈਲ ਗਈ। ਬਾਬਾ ਜੀ ਨੇ ਆਪਣੇ ਸੇਵਕਾਂ ਨਾਲ ਪਿੰਡ-ਪਿੰਡ ਜਾ ਕੇ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਇਆ। ਸੰਨ 1834 ਨੂੰ ਬਾਬਾ ਸਾਹਿਬ ਸਿੰਘ ਬੇਦੀ ਰੱਬ ਨੂੰ ਪਿਆਰੇ ਹੋ ਗਏ। ਇੱਥੇ ਹੀ ਬੱਸ ਨਹੀਂ, ਮਹਾਰਾਜਾ ਰਣਜੀਤ ਸਿੰਘ ਲਾਹੌਰ ਵਿਖੇ ਕੁਝ ਸਮਾਂ ਬੀਮਾਰ ਰਹਿ ਕੇ 15 ਹਾੜ 1806 ਬਿਕਰਮੀ 27 ਜੂਨ 1839 ਨੂੰ ਅਕਾਲ ਚਲਾਣਾ ਕਰ ਗਏ। ਬਾਬਾ ਜੀ ਨੇ ਇਨ੍ਹਾਂ ਮਹਾਨ ਜਰਨੈਲਾਂ ਦਾ ਸੰਸਾਰ ਤੇ ਚਲੇ ਜਾਣ ਦਾ ਬਹੁਤ ਹੀ ਦੁੱਖ ਮਨਾਇਆ। ਇਸ ਤੋਂ ਪਹਿਲਾਂ ਬਾਬਾ ਬੀਰ ਸਿੰਘ ਦੀ ਮਹਿਮਾ ਸੁਣ ਕੇ ਮਹਾਰਾਜਾ ਆਪ ਕਈ ਵੇਰ ਨੌਰੰਗਾਬਾਦ ਦਰਸ਼ਨਾਂ ਨੂੰ ਆਏ। ਜਦੋਂ ਮਹਾਰਾਜ ਨੇ ਲੰਗਰ ਵਾਸਤੇ ਮਾਇਆ ਆਦਿ ਦੇਣੀ ਚਾਹੀ ਤਾਂ ਬਾਬਾ ਜੀ ਨੇ ਕਿਹਾ ਕਿ ਇਹ ਗੁਰੂ ਕਾ ਲੰਗਰ ਸੰਗਤ ਦੀ ਮਾਇਆ ਨਾਲ ਹੀ ਚੱਲਦਾ ਹੈ। ਸਿੱਖ ਵਿਦਵਾਨ ਸ: ਭਗਵਾਨ ਸਿੰਘ ਜੀ ਜੌਹਲ ਦੇ ਦੱਸਣ ਅਨੁਸਾਰ ਬਾਬਾ ਬੀਰ ਸਿੰਘ ਵੱਲੋਂ ਲੰਗਰ ਵਿੱਚ ਰੋਜ਼ਾਨਾ ਸੱਤ ਸੋ ਮਣ ਆਟਾ, ਢਾਈ ਸੌ ਮਣ ਦਾਲ ਬਣਦੀ ਸੀ ਤੇ ਰੋਜਾਨਾ ਹੀ ਲੰਗਰ ਵਿੱਚ ਵੀਹ-ਵੀਹ ਹਜ਼ਾਰ ਆਦਮੀ ਪ੍ਰਸ਼ਾਦਿ ਛੱਕਦੇ ਸਨ ਅਤੇ ਸਵਾ ਮਣ ਕੱਚਾ ਲੂਣ ਰੋਜ਼ਾਨਾ ਦਾਲ ਸਬਜ਼ੀ ਵਿੱਚ ਪੈਂਦਾ ਸੀ। ਲਾਹੌਰ ਤੋਂ ਡੋਗਰਾ ਹੀਰਾ ਸਿੰਘ ਵੱਲੋਂ ਭੇਜੀ ਫ਼ੌਜ ਨੇ ਪਹਿਲਾਂ ਨੌਰੰਗਾਬਾਦ ਡੇਰੇ ‘ਤੇ ਹਮਲਾ ਕਰ ਦਿੱਤਾ, ਫਿਰ ਗਿਆਨੀ ਸੋਹਣ ਸਿੰਘ ਸ਼ੀਤਲ ਅਨੁਸਾਰ ਲਾਹੌਰ ਦਰਬਾਰ ਵੱਲੋਂ ਬਾਬਾ ਜੀ ਦੇ ਡੇਰੇ ਸਤਿਲੁਜੋਂ ਉੱਧਰ ਮੁਠਿਆਂ ਵਾਲੇ ਪਾਸੇ ਹਜ਼ਾਰਾਂ ਸੰਗਤਾਂ ਵਿੱਚ ਬਾਬਾ ਜੀ ਡੇਰੇ ਲਾਈ ਬੈਠੇ ਸਨ, ਲਾਭ ਸਿੰਘ ਡੋਗਰੇ ਦੀ ਫ਼ੌਜ ਨੇ ਤੋਪਾਂ ਦੇ ਗੋਲੇ ਤੇ ਗੋਲੀਆਂ ਦਾ ਮੀਂਹ ਵਰਸਾ ਦਿੱਤਾ, ਬਾਬਾ ਜੀ ਦੇ 10 ਹਜ਼ਾਰ ਸੇਵਕ ਸ਼ਹੀਦ ਹੋ ਗਏ। ਇਤਿਹਾਸਕਾਰ ਪੰਡਤ ਸ਼ੇਰ ਸਿੰਘ ਬੀਰ ਮ੍ਰਿਗੇਸ ਲਿਖਦਾ ਹੈ ਕਿ ਬਾਬਾ ਜੀ ਦੇ ਪਹਿਲਾਂ ਇਕ ਗੋਲਾ ਲੱਤ ‘ਤੇ ਵੱਜਾ ਤੇ ਫਿਰ ਉਨ੍ਹਾਂ ਦੇ ਸਰੀਰ ਵਿੱਚ 18 ਗੋਲੀਆਂ ਮਾਰੀਆਂ ਤੇ ਬਾਬਾ ਬੀਰ ਸਿੰਘ ਜੀ ਨੂੰ ਵੀ ਡੋਗਰੇ ਪਾਪੀਆਂ ਤੇ ਵੈਰੀਆਂ ਨੇ ਸ਼ਹੀਦ ਕਰ ਦਿੱਤਾ | ਬਾਬਾ ਜੀ ਨੇ ਜਿਉਂਦੇ ਹੁੰਦੇ ਬਾਬਾ ਮਹਾਰਾਜ ਸਿੰਘ ਜੀ ਨੂੰ ਆਪਣੀ ਜਗ੍ਹਾ ਗੱਦੀ ਨਸ਼ੀਨ ਕਰ ਦਿੱਤਾ ਸੀ । ਡੇਰੇ ਵਿੱਚ ਬਾਬਾ ਖ਼ੁਦਾ ਸਿੰਘ ਨੇ ਵੀ ਬਹੁਤ ਸੇਵਾ ਕਮਾਈ। ਬਾਬਾ ਜੀ ਦੀ ਅਦੁੱਤੀ ਸ਼ਹੀਦੀ 27 ਵੈਸਾਖ 1801 ਬਿ ਮੁਤਾਬਿਕ 7 ਮਈ 1844 ਈ ਨੂੰ ਹੋਈ। ਬਾਬਾ ਜੀ ਨੇ ਆਪਣੇ ਉੱਪਰ ਆਈ ਫ਼ੌਜ ਨੂੰ ਵੀ ਆਪਣੇ ਹੀ ਭਰਾ ਮੰਨਿਆ ਸੀ। ਸਤਿਗੁਰ ਜੀ ਦੇ ਬਚਨਾਂ ਅਨੁਸਾਰ “ਨਾ ਕੋ ਬੈਰੀ ਨਹੀ ਬਿਗਾਨਾ” ਨੂੰ ਮੁੱਖ ਰੱਖਦਿਆਂ ਵਾਹਿਗੁਰੂ ਦੇ ਭਾਣੇ ਵਿੱਚ ਸ਼ਹੀਦੀ ਦੇ ਕੇ ਸਿੱਖ ਕੌਮ ਵਿੱਚ ਨਵਾਂ ਇਤਿਹਾਸ ਸਿਰਜਿਆ ਹੈ। ਆਪ ਜੀ ਦੇ ਸੇਵਕ ਸੰਤ ਬਾਬਾ ਜਰਨੈਲ ਸਿੰਘ ਜੀ ਨਾਗੋਕੇ ਵਾਲਿਆਂ ਬਹੁਤ ਸਮਾਂ ਬਾਬਾ ਜੀ ਦੇ ਤੱਪ ਅਸਥਾਨ ਸੇਵਾ ਕੀਤੀ ਅਤੇ ਉਨ੍ਹਾਂ ਵੱਲੋਂ ਜਲੰਧਰ ਦੇ ਨੇੜੇ ਰੰਧਾਵਾ ਮਸੰਦਾਂ ਵਿਖੇ ਬਾਬਾ ਬੀਰ ਸਿੰਘ ਜੀ ਦੀ ਪਾਵਨ ਯਾਦ ਵਿੱਚ ਗੁਰਦੁਆਰੇ ਦਾ ਨਿਰਮਾਣ ਕਰਵਾਇਆ ਗਿਆ, ਜਿੱਥੇ ਕਿ ਪਰਉਪਕਾਰੀ ਸ਼ਖ਼ਸੀਅਤ ਸੰਤ ਸੁਖਦੀਪ ਸਿੰਘ ਜੀ, ਪਾਵਨ ਅਸਥਾਨ ਦੇ ਸੰਚਾਲਕ ਹਨ। ਆਪ ਜੀ ਬਹੁਤ ਹੀ ਹਰਮਨ ਪਿਆਰੇ ਅਤੇ ਮਿਲਣਸਾਰ ਗੁਰਮੁਖਿ ਸਾਧੂ ਸੁਭਾਅ ਦੇ ਮਾਲਕ ਹਨ। ਆਪ ਜੀ ਨੇ ਹਜ਼ਾਰਾਂ ਰੁਪਏ ਖ਼ਰਚ ਕਰਕੇ ਬਾਬਾ ਬੀਰ ਸਿੰਘ ਜੀ ਸ਼ਹੀਦ ਨੌਰੰਗਾਬਾਦੀ ਵਾਲਿਆਂ ਦਾ ਦਾਸ ਰਾਹੀਂ ਬਹੁਤ ਹੀ ਖੋਜ ਭਰਪੂਰ ਇਤਿਹਾਸਕ ਜੀਵਨੀ ਛਪਾ ਕੇ ਸੰਗਤਾਂ ਨੂੰ ਵੀ ਭੇਟ ਕੀਤੀ ਹੈ। ਬਾਬਾ ਬੀਰ ਸਿੰਘ ਜੀ ਦਾ ਪਾਵਨ ਜਨਮ ਅਤੇ ਸ਼ਹੀਦੀ ਦਿਹਾੜਾ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਵਿਸ਼ੇਸ਼ ਪੱਧਰ ‘ਤੇ ਮਨਾਉਂਦੇ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਲਗਭਗ ਬਾਬਾ ਜੀ ਦੀ ਯਾਦ ਵਿੱਚ 146 ਗੁਰਦੁਆਰੇ ਸਥਾਪਤ ਹਨ, ਇਨ੍ਹਾਂ ਅਸਥਾਨਾਂ ‘ਤੇ ਵੀ ਸੰਗਤਾਂ ਵੱਲੋਂ ਪਾਵਨ ਸ਼ਹੀਦੀ ਦਿਵਸ ਅਤੇ ਜਨਮ ਉਤਸਵ ਬਾਬਾ ਜੀ ਦਾ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜਲੰਧਰ ਦੇ ਪ੍ਰੈਸ ਸਕੱਤਰ ਸ: ਪਰਮਜੀਤ ਸਿੰਘ ਨੈਨਾ ਵਲੋਂ ਪ੍ਰਾਪਤ ਸੂਚਨਾ ਅਨੁਸਾਰ ਮਹਾਨ ਯੋਧੇ ਸਿੱਖ ਕੌਮ ਦੇ ਨਿਧੜਕ ਜਰਨੈਲ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਵਾਲਿਆਂ ਦਾ 256ਵਾਂ ਜਨਮ ਦਿਹਾੜਾ ਸੰਤ ਬਾਬਾ ਸੁਖਦੀਪ ਸਿੰਘ ਜੀ ਦੀ ਅਗਵਾਈ ਵਿਚ 6 ਅਗਸਤ ਦਿਨ ਸ਼ੁਕਰਵਾਰ ਨੂੰ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਜੀ ਜੀ ਨੌਰੰਗਾਬਾਦੀ, ਪਿੰਡ ਰੰਧਾਵਾ ਮਸੰਦਾਂ (ਜਲੰਧਰ) ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ। -ਵੱਲੋਂ : ਰਣਧੀਰ ਸਿੰਘ ਸੰਭਲ (ਯੂ.ਕੇ) # 7417443300