ਡਰੋਨ ਦੀ ਆਵਾਜਾਈ ਕਾਰਨ ਸੋਮਵਾਰ ਰਾਤ ਨੂੰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸਾਢੇ ਤਿੰਨ ਘੰਟੇ ਲਈ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ। ਪੰਜਾਬ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ। ਏਅਰਪੋਰਟ ਅਥਾਰਟੀ ਮੁਤਾਬਕ ਰਾਤ 10.15 ਤੋਂ 11 ਵਜੇ ਤੱਕ ਡਰੋਨ ਦੀ ਆਵਾਜਾਈ ਹੋਈ। ਇਸ ਦੌਰਾਨ ਕਦੇ ਡਰੋਨ ਦਿਖਾਈ ਦਿੰਦੇ ਅਤੇ ਕਦੇ ਗਾਇਬ ਹੁੰਦੇ ਰਹੇ। 1 ਵਜੇ ਤੋਂ ਬਾਅਦ ਉਡਾਣਾਂ ਮੁੜ ਸ਼ੁਰੂ ਹੋ ਸਕੀਆਂ। ਇਸ ਦੌਰਾਨ ਦਿੱਲੀ ਤੋਂ ਏਅਰ ਇੰਡੀਆ ਦੀ ਉਡਾਣ 20 ਮਿੰਟ ਹਵਾ ਵਿੱਚ ਰਹਿਣ ਤੋਂ ਬਾਅਦ ਵਾਪਸ ਪਰਤ ਆਈ। ਇਸ ਤੋਂ ਬਾਅਦ ਮੰਗਲਵਾਰ ਸਵੇਰੇ 4 ਵਜੇ ਫਲਾਈਟ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਈ। ਇਸ ਦੇ ਨਾਲ ਹੀ ਇੰਡੀਗੋ ਦੀ ਪੁਣੇ, ਇੰਡੀਗੋ ਦੀ ਦਿੱਲੀ, ਏਅਰ ਏਸ਼ੀਆ ਅਤੇ ਬਾਟਿਕ ਏਅਰ ਦੀ ਕੁਆਲਾਲੰਪੁਰ ਦੀਆਂ ਉਡਾਣਾਂ ਲੇਟ ਹੋਈਆਂ। ਸੂਤਰਾਂ ਮੁਤਾਬਕ 3 ਡਰੋਨ ਉੱਡਦੇ ਦੇਖੇ ਗਏ।
ਇਨ੍ਹਾਂ ਵਿੱਚੋਂ ਦੋ ਡਰੋਨ ਰਾਜਾਸਾਂਸੀ ਵਾਲੇ ਪਾਸੇ ਹਵਾਈ ਅੱਡੇ ਦੀ ਹੱਦ ਨੇੜੇ ਅਤੇ ਟਰਮੀਨਲ ਦੇ ਪਿਛਲੇ ਪਾਸੇ ਦੇਖੇ ਗਏ। ਜਦੋਂ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨੇ ਹੋਰ ਜਾਣਕਾਰੀ ਦਿੱਤੀ, ਤਾਂ ਸੁਰੱਖਿਆ ਕਾਰਨਾਂ ਕਰਕੇ ਉਡਾਣ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਬਾਕੀ ਉਡਾਣਾਂ 1 ਵਜੇ ਤੋਂ ਬਾਅਦ ਹੀ ਰਵਾਨਾ ਹੋਈਆਂ। ਪੁਲਿਸ ਅਤੇ ਏਜੰਸੀਆਂ ਨੇ ਰਾਤ ਸਮੇਂ ਏਅਰਪੋਰਟ ਦੇ ਅੰਦਰ ਅਤੇ ਬਾਹਰ ਤਲਾਸ਼ੀ ਲਈ। ਮੰਗਲਵਾਰ ਸਵੇਰੇ ਵੀ ਦੋ ਵਾਰ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਮੁਹਿੰਮ ਦੌਰਾਨ ਕੋਈ ਡਰੋਨ ਬਰਾਮਦ ਨਹੀਂ ਹੋਇਆ।