ਆਸਟ੍ਰੇਲੀਆ ਨੇ ਹੁਣ ਦੂਜੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰਨ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਨੇ ਦੇਸ਼ ਵਿਚ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾ ਕੇ 3.75 ਲੱਖ ਕਰ ਦਿੱਤੀ ਹੈ। ਇਸ ਦਾ ਮਤਲਬ ਹੈ ਕਿ ਹੁਣ ਸਿਰਫ ਇੰਨੇ ਹੀ ਵਿਦੇਸ਼ੀ ਵਿਦਿਆਰਥੀ ਹੀ ਆਸਟ੍ਰੇਲੀਆ ਪੜ੍ਹਨ ਲਈ ਆ ਸਕਣਗੇ ਅਤੇ ਉਨ੍ਹਾਂ ਨੂੰ ਵਿਦਿਆਰਥੀ ਵੀਜ਼ਾ ਦਿੱਤਾ ਜਾ ਸਕੇਗਾ।ਹਾਲਾਂਕਿ ਸਾਲ 2022 ‘ਚ ਦੂਜੇ ਦੇਸ਼ਾਂ ਤੋਂ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ 5.10 ਲੱਖ ਸੀ ਪਰ ਹੁਣ ਇਸ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ‘ਦਿ ਹਿੰਦੂ’ ‘ਚ ਛਪੀ ਖਬਰ ਮੁਤਾਬਕ ਆਸਟ੍ਰੇਲੀਆ ‘ਚ 30 ਜੂਨ 2023 ਤੱਕ 5 ਲੱਖ 77 ਹਜ਼ਾਰ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ੇ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਮਾਰਚ ਵਿੱਚ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਬੰਧੀ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਮੀਗ੍ਰੇਸ਼ਨ ਦਰ ਵਿੱਚ 60% ਦਾ ਵਾਧਾ ਹੋਇਆ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਭਾਰਤ ‘ਤੇ ਕੀ ਹੋਵੇਗਾ ਅਸਰ?
ਆਸਟ੍ਰੇਲੀਆ ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੇ ਫੈਸਲੇ ਦਾ ਭਾਰਤ ‘ਤੇ ਵੀ ਅਸਰ ਪਵੇਗਾ। ਦਰਅਸਲ, ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵੀ ਅੱਗੇ ਦੀ ਪੜ੍ਹਾਈ ਲਈ ਆਸਟ੍ਰੇਲੀਆ ਜਾਂਦੇ ਹਨ। ਇੱਕ ਅੰਦਾਜ਼ੇ ਮੁਤਾਬਕ ਭਾਰਤ ਦੇ ਲਗਭਗ 1.22 ਲੱਖ ਵਿਦਿਆਰਥੀ ਆਸਟ੍ਰੇਲੀਆ ਵਿੱਚ ਪੜ੍ਹਦੇ ਹਨ। ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਦੇ ਵਿਦਿਆਰਥੀ ਵੀ ਇੱਥੇ ਪੜ੍ਹਨ ਲਈ ਆਉਂਦੇ ਹਨ ਪਰ ਇਨ੍ਹਾਂ ਦੇਸ਼ਾਂ ਤੋਂ ਬਾਅਦ ਆਸਟ੍ਰੇਲੀਆ ‘ਚ ਸਭ ਤੋਂ ਵੱਧ ਵਿਦਿਆਰਥੀ ਭਾਰਤ ਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫੈਸਲੇ ਨਾਲ ਫਰਵਰੀ ‘ਚ ਪੜ੍ਹਾਈ ਲਈ ਆਸਟ੍ਰੇਲੀਆ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ‘ਤੇ ਅਸਰ ਪਵੇਗਾ। ਜਾਣਕਾਰੀ ਅਨੁਸਾਰ ਹੁਣ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿੱਚ ਕੋਟਾ ਵੀ ਦੇਸ਼ਾਂ ਅਤੇ ਸੂਬਿਆਂ ਦੇ ਆਧਾਰ ‘ਤੇ ਤੈਅ ਕੀਤਾ ਜਾਵੇਗਾ।
ਵੀਜ਼ਾ ਫੀਸ ਵੀ ਵਧੇਗੀ
ਆਸਟ੍ਰੇਲੀਆ ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਫੀਸ ਵੀ ਵਧਾਈ ਜਾਵੇਗੀ। ਇਸ ਵੇਲੇ ਇੱਥੇ ਵਿਦਿਆਰਥੀਆਂ ਲਈ ਵੀਜ਼ਾ ਫੀਸ 710 ਆਸਟ੍ਰੇਲੀਅਨ ਡਾਲਰ ਹੈ, ਪਰ ਹੁਣ ਇਸ ਨੂੰ ਵਧਾ ਕੇ 1600 ਆਸਟ੍ਰੇਲੀਅਨ ਡਾਲਰ ਕਰ ਦਿੱਤਾ ਗਿਆ ਹੈ। ਇਸ ਨਾਲ ਇੱਥੇ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਘਟੇਗੀ।